ਮਰੀਅਮ ਨਵਾਜ਼ ਨੂੰ 14 ਦਿਨਾਂ ਦੀ ਨਿਆਇਕ ਰਿਮਾਂਡ ''ਤੇ ਭੇਜਿਆ ਗਿਆ ਜੇਲ

09/25/2019 3:25:53 PM

ਲਾਹੌਰ— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੀ ਉਪ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੂੰ ਬੁੱਧਵਾਰ ਨੂੰ ਇਕ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਕੇਸ 'ਚ ਨਿਆਇਕ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ।

ਜੀਓ ਨਿਊਜ਼ ਮੁਤਾਬਕ ਮਰੀਅਮ ਨਵਾਜ਼ ਤੇ ਉਸ ਦਾ ਚਚੇਰਾ ਭਰਾ ਯੂਸਫ ਅੱਬਾਸ, ਜੋ ਇਸ ਕੇਸ ਦਾ ਇਕ ਦੋਸ਼ੀ ਹੈ, ਆਪਣੀ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਹੋਏ ਸਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਮਰੀਅਮ ਦੀ ਚਚੇਰੇ ਭਰਾ ਸਣੇ ਰਿਮਾਂਡ 'ਚ 15 ਦਿਨਾਂ ਦੇ ਵਾਧੇ ਦੀ ਬੇਨਤੀ ਕੀਤੀ ਸੀ, ਜਿਨ੍ਹਾਂ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੁੱਧਵਾਰ ਦੀ ਸੁਣਵਾਈ ਦੌਰਾਨ, ਐੱਨ.ਏ.ਬੀ. ਦੇ ਜਾਂਚ ਅਧਿਕਾਰੀ ਹਾਫਿਜ਼ ਅਸਦਉੱਲਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ।

ਐੱਨ.ਏ.ਬੀ. ਦੇ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਕਿ ਉਹ ਪਰਿਵਾਰਕ ਜਾਇਦਾਦ ਦੀ ਵੰਡ ਬਾਰੇ ਕੀਤੇ ਸਮਝੌਤੇ ਦੀ ਜਾਂਚ ਕਰ ਰਹੇ ਹਨ। ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਮਰੀਅਮ, ਨਵਾਜ਼ ਸ਼ਰੀਫ, ਉਸ ਦੀ ਮਾਂ ਕੁਲਸੁਮ ਨਵਾਜ਼, ਦਾਦਾ ਮੀਆਂ ਸ਼ਰੀਫ, ਭਰਾ ਹੁਸੈਨ ਨਵਾਜ਼ ਤੇ ਸ਼ਰੀਫ ਪਰਿਵਾਰ ਦੇ ਕੁਝ ਹੋਰ ਮੈਂਬਰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਸਨ।

Baljit Singh

This news is Content Editor Baljit Singh