ਭਾਰਤੀ ਮੂਲ ਦੇ ਸ਼ੈੱਫ ਨਾਲ ਵਿਆਹ ਕਰਾਉਣ ਵਾਲੀ ਆਸਟ੍ਰੀਆ ਦੀ ਰਾਜਕੁਮਾਰੀ ਦੀ ਮੌਤ

05/15/2020 7:04:27 PM

ਵਿਆਨਾ/ਹਿਊਸਟਨ - ਭਾਰਤੀ ਮੂਲ ਦੇ ਸ਼ੈੱਫ ਰਿਸ਼ੀ ਰੂਪ ਸਿੰਘ ਨਾਲ ਵਿਆਹ ਕਰਨ ਵਾਲੀ ਆਸਟ੍ਰੀਆ ਦੀ ਰਾਜਕੁਮਾਰੀ ਮਾਰੀਆ ਗੇਲੀਤਜ਼ਿਨ ਦੀ ਮੌਤ ਹੋ ਗਈ ਹੈ। 31 ਸਾਲ ਦੀ ਰਾਜਕੁਮਾਰੀ ਮਾਰੀਆ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਹਿਊਸਟਨ ਵਿਚ ਉਨ੍ਹਾਂ ਦੀ ਮੌਤ ਹੋ ਗਈ। ਫਾਕਸ ਨਿਊਜ਼ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ।

ਰਾਜਕੁਮਾਰੀ ਮਾਰੀਆ ਸਿੰਘ ਆਪਣੇ ਪਤੀ ਰਿਸ਼ੀ ਰੂਪ ਸਿੰਘ ਦੇ ਨਾਲ ਹਿਊਸਟਨ ਵਿਚ ਰਹਿੰਦੀ ਸੀ। ਰਾਜਕੁਮਾਰੀ ਮਾਰੀਆ ਨੇ ਅਪ੍ਰੈਲ 2017 ਵਿਚ ਭਾਰਤੀ ਮੂਲ ਦੇ ਸ਼ੈੱਫ ਰਿਸ਼ੀ ਰੂਪ ਨਾਲ ਵਿਆਹ ਕਰਾਇਆ ਸੀ। ਉਨ੍ਹਾਂ ਦਾ ਇਕ 2 ਸਾਲ ਦਾ ਬੱਚਾ ਹੈ। ਸਥਾਨਕ ਨਿਊਜ਼ ਪੇਪਰ ਨੇ ਸ਼ੋਕ ਸੰਦੇਸ਼ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਾਜਕੁਮਾਰੀ ਮਾਰੀਆ ਸਿੰਘ ਹਿਊਸਟਨ ਵਿਚ ਇੰਟੀਰੀਅਰ ਡਿਜ਼ਾਈਨਰ ਦੇ ਤੌਰ 'ਤੇ ਕੰਮ ਕਰਦੀ ਸੀ, ਜਦਕਿ ਉਨ੍ਹਾਂ ਦੇ ਪਤੀ ਰਿਸ਼ੀ ਰੂਪ ਸਿੰਘ ਇਕ ਐਕਜ਼ੀਕਿਊਟਿਵ ਸ਼ੈੱਫ ਹਨ। ਰਾਜਕੁਮਾਰੀ ਮਾਰੀਆ ਆਸਟ੍ਰੀਆ ਦੀ ਰਾਜਕੁਮਾਰੀ ਮਾਰੀਆ ਅਨਾ ਅਤੇ ਰਾਜਕੁਮਾਰ ਪਿਓਟਰ ਗੈਲੀਟਜ਼ਿਨ ਦੀ ਧੀ ਹੈ। 4 ਮਈ ਨੂੰ ਮੌਤ ਤੋਂ ਬਾਅਦ ਉਨ੍ਹਾਂ ਨੂੰ ਹਿਊਸਟਨ ਦੇ ਫਾਰੈਸਟ ਪਾਰਕ ਵੈਸਟਥੀਮਿਅਰ ਸੀਮੇਟ੍ਰੀ ਵਿਚ ਦਫਨਾਇਆ ਗਿਆ ਹੈ।

ਰਾਜਕੁਮਾਰੀ ਮਾਰੀਆ ਲਈ ਭੇਜੇ ਸ਼ੋਕ ਸੰਦੇਸ਼ਾਂ ਵਿਚ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਲਈ ਦੁੱਖ ਜਤਾਇਆ ਹੈ। ਖਾਸ ਕਰ ਉਨ੍ਹਾਂ ਦੇ 2 ਸਾਲ ਦੇ ਪੁੱਤਰ ਮੈਕਸਿਮ ਨੂੰ ਉਨ੍ਹਾਂ ਦਾ ਦੁਲਾਰਾ ਲਿੱਖਿਆ ਹੈ। ਰਾਜਕੁਮਾਰੀ ਮਾਰੀਆ ਆਪਣੇ ਪੁੱਤਰ ਦੀਆਂ ਤਸਵੀਰਾਂ ਨੂੰ ਅਕਸਰ ਫੇਸਬੁੱਕ 'ਤੇ ਸ਼ੇਅਰ ਕਰਦੀ ਰਹਿੰਦੀ ਸੀ। ਰਾਜਕੁਮਾਰੀ ਮਾਰੀਆ ਦੀਆਂ 3 ਭੈਣਾਂ ਰਾਜਕੁਮਾਰੀ ਜੇਨੀਆ, ਟਟੈਨਾ ਅਤੇ ਅਲੇਕਜ਼ੈਂਡਰਾ ਹਨ। ਉਨ੍ਹਾਂ ਦੇ 2 ਭਰਾ ਰਾਜਕੁਮਾਰ ਦਿਮਿਤ੍ਰੀ ਅਤੇ ਲੋਅਨ ਵੀ ਹਨ। ਰਾਜਕੁਮਾਰੀ ਮਾਰੀਆ ਦੇ ਪਿਤਾ ਰੂਸ ਦੇ ਇਕ ਅਮੀਰ ਹਨ। ਉਨ੍ਹਾਂ ਦੇ ਨਾਨਾ 'ਆਰਕਡਿਊਕ ਰੂਡੋਲਫ ਆਫ ਆਸਟ੍ਰੀਆ' ਰਹੇ ਹਨ। ਯੂਰਪ ਦੇ ਸ਼ਾਹੀ ਖਾਨਦਾਨ ਵਿਚ ਰਾਜਕੁਮਾਰੀ ਮਾਰੀਆ ਦਾ ਜਨਮ 1988 ਵਿਚ ਲਕਜ਼ਮਬਰਗ ਵਿਚ ਹੋਇਆ ਸੀ। 5 ਸਾਲ ਦੀ ਉਮਰ ਵਿਚ ਉਹ ਰੂਸ ਆ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਲਜ਼ੀਅਮ ਦੇ 'ਕਾਲਜ ਆਫ ਆਰਟ ਐਂਡ ਡਿਜ਼ਾਈਨ' ਦੀ ਪੜਾਈ ਕੀਤੀ। ਰਾਜਕੁਮਾਰੀ ਮਾਰੀਆ ਬ੍ਰਸੈਲਸ ਅਤੇ ਸ਼ਿਕਾਗੋ ਵਿਚ ਰਹਿੰਦੀ ਸੀ। ਉਹ ਕੰਮ ਦੇ ਸਿਲਸਿਲੇ ਵਿਚ ਇਲੀਨਿਓਸ ਅਤੇ ਹਿਊਸਟਨ ਵਿਚ ਵੀ ਰਹਿੰਦੀ ਸੀ।

Khushdeep Jassi

This news is Content Editor Khushdeep Jassi