ਆਸਟਰੇਲੀਆਈ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਦਿੱਤੀ ਕਾਨੂੰਨੀ ਮਾਨਤਾ

12/07/2017 11:17:40 PM

ਸਿਡਨੀ— ਆਸਟਰੇਲੀਆ 'ਚ ਅੱਜ ਇਕ ਇਤਿਹਾਸਿਕ ਫੈਸਲਾ ਲਿਆ ਗਿਆ ਹੈ। ਇਥੇ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇ ਦਿੱਤੀ ਹੈ। ਸਮਲਿੰਗੀ ਵਿਆਹ ਨੂੰ ਸਹੀ ਕਰਾਰ ਦਿੰਦੇ ਹੋਏ ਸੰਸਦ ਦੇ ਦੋਵਾਂ ਸਦਨਾਂ ਨੇ ਵੋਟਾਂ ਪਾ ਕੇ ਇਸ ਬਿੱਲ ਨੂੰ ਪਾਸ ਕਰਾਰ ਦਿੱਤਾ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਕਲਮ ਟਰਨਬੁੱਲ ਨੇ ਇਸ ਦਿਨ ਨੂੰ ਪਿਆਰ ਸਨਾਮਤਾ ਦਾ ਦਿਨ ਦੱਸਿਆ।
ਆਸਟਰੇਲੀਆ 'ਚ ਬੀਤੇ ਮਹੀਨੇ ਇਕ ਸਰਵੇ 'ਚ ਲੋਕਾਂ ਦਾ ਰਾਇ ਜਾਣੀ ਗਈ ਸੀ। ਲਗਭਗ 62 ਫੀਸਦੀ ਲੋਕਾਂ ਨੇ ਇਸ ਦੇ ਪੱਖ 'ਚ ਵੋਟ ਦਿੱਤਾ ਸੀ। ਇਸ ਸਰਵੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ ਕ੍ਰਿਸਮਿਸ ਤੋਂ ਪਹਿਲਾਂ ਇਸ ਨੂੰ ਕਾਨੂੰਨੀ ਰੂਪ ਦੇ ਦਿੱਤਾ ਜਾਵੇਗਾ। ਸੈਨੇਟ ਨੇ ਇਸ ਬਿੱਲ ਨੂੰ ਨਵੰਬਰ 'ਚ ਹੀ ਪਾਸ ਕਰ ਦਿੱਤਾ ਸੀ, ਹੁਣ ਹਾਊਸ ਆਫ ਰਿਪ੍ਰੇਜ਼ੇਂਟੇਟਿਵ ਨੇ ਵੀ ਬਿੱਲ ਨੂੰ ਪਾਸ ਕਰ ਦਿੱਤਾ ਹੈ। ਬਿੱਲ ਨੂੰ ਗਵਰਨਰ ਜਨਰਲ ਦੇ ਕੋਲ ਜਾਵੇਗਾ, ਜਿਸ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਲੈ ਲਵੇਗਾ।
ਹਾਲਾਂਕਿ ਚਾਰ ਸੰਸਦ ਮੈਂਬਰਾਂ ਨੇ ਬਿੱਲ ਦੇ ਖਿਲਾਫ ਵੀ ਵੋਟ ਦਿੱਤਾ ਸੀ ਪਰ ਹੁਣ ਬਿੱਲ ਦੇ ਪਾਸ ਹੁੰਦੇ ਹੀ ਪੂਰੇ ਆਸਟਰੇਲੀਆ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਕਾਨੂੰਨ ਦੇ ਤਹਿਤ ਪਹਿਲਾ ਵਿਆਹ ਜਨਵਰੀ ਮਹੀਨੇ ਹੋਣ ਦੀ ਉਮੀਦ ਹੈ। ਸਮਲਿੰਗੀ ਵਿਆਹ ਨੂੰ ਕਈ ਦੇਸ਼ਾਂ 'ਚ ਕਾਨੂੰਨੀ ਮਾਨਤਾ ਮਿਲੀ ਹੋਈ ਹੈ। ਨੀਦਰਲੈਂਡ ਪਹਿਲਾ ਅਜਿਹਾ ਦੇਸ਼ ਹੈ, ਜਿਸ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ। ਹੁਣ ਆਸਟਰੇਲੀਆ ਵੀ ਇੰਨਾਂ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ।