ਭਾਰਤ ਤੋਂ ਕੋਰੋਨਾ ਵੈਕਸੀਨ ਲਗਵਾ ਕੇ ਇਟਲੀ ਪਹੁੰਚੇ ਕਈ ਭਾਰਤੀ ਪਏ ਭੰਬਲ ਭੂਸੇ ''ਚ

09/13/2021 3:11:47 PM

ਰੋਮ (ਦਲਵੀਰ ਕੈਂਥ): ਕੋਵਿਡ-19 ਦੇ ਹਮਲੇ ਨੂੰ ਕੰਟਰੋਲ ਕਰਨ ਵਾਲੇ ਟੀਕੇ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਧੜਾਧੜ ਲੱਗ ਰਹੇ ਹਨ ਪਰ ਹਾਲੇ ਦੁਨੀਆ ਦੀ ਆਬਾਦੀ ਦਾ ਕਰੀਬ 30% ਹਿੱਸਾ ਹੀ ਸੁਰੱਖਿਅਤ ਕਿਹਾ ਜਾ ਸਕਦਾ ਹੈ ਜਿਸ ਨੂੰ ਇਹਨਾਂ ਟੀਕਿਆਂ ਦੀ ਪੂਰੀ ਖ਼ੁਰਾਕ ਮਿਲੀ ਹੋਵੇ, ਬਾਕੀ ਹਾਲੇ ਕੰਮ ਚੱਲ ਰਿਹਾ ਹੈ।ਇਹਨਾਂ ਟੀਕਿਆਂ ਨੂੰ ਸੰਜੀਵਨੀ ਬੂਟੀ ਸਮਝਦਿਆਂ ਯੂਰਪੀਅਨ ਯੂਨੀਅਨ ਦੇ ਵੱਖ-ਵੱਖ ਦੇਸ਼ਾਂ ਨੇ ਅਲੱਗ-ਅਲੱਗ ਯਾਤਰਾ ਦੀ ਆਗਿਆ ਬੇਸ਼ੱਕ ਦੇ ਦਿੱਤੀ ਹੈ ਪਰ ਇਹਨਾਂ ਟੀਕਿਆਂ ਦੇ ਲੱਗਣ ਦਾ ਪ੍ਰਮਾਣ ਪੱਤਰ ਭਾਵ ਗਰੀਨ ਪਾਸ ਵੀ ਲਾਜ਼ਮੀ ਕਰ ਦਿੱਤਾ, ਜਿਸ ਤਹਿਤ ਕੁਝ ਖ਼ਾਸ ਕੰਪਨੀਆਂ ਦੀਆਂ ਐਂਟੀ ਕੋਵਿਡ ਵੈਕਸੀਨਾਂ ਨੂੰ ਹੀ ਮਾਨਤਾ ਦਿੱਤੀ ਗਈ। 

ਕੋਵਿਸ਼ੀਲਡ ਵਜੋਂ ਜਾਣੇ ਜਾਂਦੇ ਐਸਟਰਾਜ਼ੇਨੇਕਾ ਦੇ ਭਾਰਤੀ ਉਤਪਾਦਨ ਵਾਲੀਆਂ ਵੈਕਸੀਨਾਂ ਨੂੰ ਵੀ ਮਾਨਤਾ ਵਜੋਂ ਪ੍ਰਵਾਨਗੀ ਦਾ ਐਲਾਨ ਕੀਤਾ ਹੈ।ਇਹ ਫ਼ੈਸਲੇ ਨੂੰ ਯੂਰਪ ਦਾ ਜਰਮਨ ਵਰਗਾ ਦੇਸ਼ ਖਿੜ੍ਹੇ ਮੱਥੇ ਪ੍ਰਵਾਨ ਕਰ ਰਿਹਾ ਹੈ ਪਰ ਇਟਲੀ ਵਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਇਸ ਵੈਕਸੀਨ ਨੂੰ ਮਾਨਤਾ ਦਿੱਤੇ ਜਾਣ ਦਾ ਕੋਈ ਵੀ ਰਾਹ ਨਹੀ ਦਿਖਾਇਆ। ਉੱਧਰ ਇਟਲੀ ਪਹੁੰਚੇ ਬਹੁਤ ਸਾਰੇ ਭਾਰਤੀਆਂ ਨੇ ਕੋਵਿਸ਼ੀਲਡ ਵੈਕਸੀਨ ਦੇ ਦੋਵੇਂ ਡੋਜ਼ ਨੂੰ ਲਗਾਇਆ ਹੋਇਆ ਹੈ ਪਰ ਜਦੋ ਇਹ ਭਾਰਤੀ ਇਟਲੀ ਦੇ ਸਬੰਧਤ ਮਹਿਕਮੇ ਨਾਲ ਸਪੰਰਕ ਕਰਦੇ ਹਨ ਤਾ ਉਹਨਾਂ ਨੂੰ ਇਹ ਕਹਿ ਕੇ ਟਾਲ ਮਟੋਲ ਕਰ ਦਿੱਤਾ ਜਾਂਦਾ ਹੈ ਕਿ ਭਾਰਤੀ ਵੈਕਸੀਨ ਕੋਵਿਸ਼ੀਲਡ ਨੂੰ ਇਟਲੀ ਸਰਕਾਰ ਵਲੋਂ ਕੋਈ ਵੀ ਮਾਨਤਾ ਨਹੀ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ : ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ, ਲੱਗੇ 'ਬੋਲੇ ਸੋ ਨਿਹਾਲ' ਦੇ ਜੈਕਾਰੇ (ਤਸਵੀਰਾਂ)

ਇਟਲੀ ਪਹੁੰਚੇ ਇਸ ਭੰਬਲ ਭੂਸੇ ਵਿੱਚ ਭਾਰਤੀਆਂ ਨੇ ਦੱਸਿਆ ਕਿ ਉਹ ਐਂਟੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਭਾਰਤ ਵਿੱਚ ਲਗਵਾ ਕੇ ਇਟਲੀ ਪਹੁੰਚੇ ਹਨ ਤਾਂ ਇੱਥੇ ਜਦੋਂ ਉਹ ਸਬੰਧਤ ਮਹਿਕਮੇ ਨਾਲ ਕੋਵਿਸ਼ੀਲਡ ਦਾ ਟੀਕਾ ਲੱਗਾ ਹੋਣ ਤੋਂ ਬਾਅਦ ਗ੍ਰੀਨ ਪਾਸ ਦੇਣ ਸਬੰਧੀ ਗੱਲ ਕਰਦੇ ਹਨ ਤਾਂ ਅੱਗੋਂ ਇਟਲੀ ਦੇ ਅਧਿਕਾਰੀਆਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਕੋਵਿਸ਼ੀਲਡ ਨੂੰ ਇਟਲੀ ਸਰਕਾਰ ਦੁਆਰਾ ਮਾਨਤਾ ਨਹੀਂ ਹੈ ਜਿਸ ਕਰਕੇ ਉਹ ਉਨ੍ਹਾਂ ਨੂੰ ਗ੍ਰੀਨ ਪਾਸ ਦੇਣ ਤੋਂ ਅਸਮਰਥ ਹਨ। ਜਦ ਕਿ ਬਹੁਤ ਸਾਰੇ ਭਾਰਤੀ ਜੋ ਦੁਬਾਰਾ ਟੀਕਾ ਲਵਾਉਣ ਦੇ ਵੀ ਇੱਛੁਕ ਦੇਖੇ ਗਏ ਤੇ ਕੁਝ ਚੁੱਪ ਚੁਪੀਤੇ ਲਗਾ ਵੀ ਰਹੇ ਹਨ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਹੋਰ ਕੋਰੋਨਾ ਵਾਇਰਸ ਡੋਜ਼ ਲਗਾਉਣ ਕਾਰਨ ਆਉਣ ਵਾਲੇ ਸਮੇਂ ਵਿਚ ਉਸ ਵਿਆਕਤੀ ਨੂੰ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋ ਜਾਣ ਦੇ ਡਰ ਕਾਰਨ ਟੀਕਾ ਨਾ ਲਗਾਉਣ ਦਾ ਹਵਾਲਾ ਦਿੰਦੇ ਦੇਖੇ ਗਏ।

ਇਟਲੀ ਆਏ ਇਨ੍ਹਾਂ ਭਾਰਤੀਆਂ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਇਟਲੀ ਸਰਕਾਰ ਨੇ ਬੱਸਾਂ, ਰੇਲ, ਹਵਾਈ ਯਾਤਰਾਂ ਅਤੇ ਇਸ ਤੋਂ ਇਲਾਵਾ ਹੋਟਲਾਂ ਵਿਚ ਜਾਣ ਲਈ ਗ੍ਰੀਨ ਪਾਸ ਜ਼ਰੂਰੀ ਕੀਤਾ ਹੋਇਆ ਹੈ ਅਤੇ ਜਲਦ ਹੀ ਕੰਮਾਂ 'ਤੇ ਵੀ ਗਰੀਨ ਪਾਸ ਲਾਗੂ ਕਰਨ ਜਾ ਰਹੇ ਹਨ ਪਰ ਭਾਰਤ ਵਿੱਚ ਲਗਾਈ ਕੋਵਿਸ਼ੀਲਡ ਵੈਕਸੀਨ ਕਾਰਨ ਉਹ ਗ੍ਰੀਨ ਪਾਸ ਪ੍ਰਾਪਤ ਨਹੀਂ ਕਰ ਸਕਦੇ, ਜੋ ਕਿ ਉਨ੍ਹਾਂ ਲਈ ਆਉਣ ਵਾਲੇ ਸਮੇਂ ਦੇ ਵਿਚ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਟਲੀ ਸਰਕਾਰ ਕੋਵਿਸ਼ੀਲਡ ਨੂੰ ਮਨਜ਼ੂਰੀ ਨਹੀਂ ਦਿੰਦੀ ਅਤੇ ਇਟਲੀ ਸਰਕਾਰ ਕੰਮ 'ਤੇ ਜਾਣ ਲਈ ਗ੍ਰੀਨ ਪਾਸ ਨੂੰ ਜ਼ਰੂਰੀ ਕਰਦੀ ਹੈ ਤਾਂ ਕੋਵਿਸ਼ੀਲਡ ਦੀਆਂ ਦੋਨੋ ਖੁਰਾਕਾਂ ਲੈ ਚੁੱਕੇ ਇਹਨਾਂ ਭਾਰਤੀਆਂ ਪ੍ਰਤੀ ਇਟਲੀ ਸਰਕਾਰ ਕਿਹੋ ਜਿਹਾ ਵਰਤਾਰਾ ਅਪਣਾਉਂਦੀ ਹੈ।ਇਨ੍ਹਾਂ ਭਾਰਤੀਆਂ ਨੇ ਭਾਰਤ ਸਰਕਾਰ ਅਤੇ ਇਟਲੀ ਵਿਚਲੀ ਭਾਰਤੀ ਅੰਬੈਸੀ ਨੂੰ ਇਹ ਮਾਮਲਾ ਜਲਦ ਤੋਂ ਜਲਦ ਸੁਲਝਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਉਹ ਇਸ ਕਸ਼ਮਕਸ ਵਿੱਚੋਂ ਬਾਹਰ ਨਿਕਲ ਸਕਣ।

Vandana

This news is Content Editor Vandana