ਮੋਦੀ ਦੀ ਰਾਹ ''ਤੇ ਚੱਲੇ ਸ਼ੀ ਜਿਨਪਿੰਗ, ਸਵੱਛ ਮੁਹਿੰਮ ''ਤੇ ਦਿੱਤਾ ਜ਼ੋਰ

11/28/2017 11:52:23 AM

ਬੀਜਿੰਗ (ਬਿਊਰੋ)— ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਫੈਸਲਾ ਲਿਆ ਹੈ। ਇਸ ਲਈ ਉਨ੍ਹਾਂ ਨੇ ਵੀ ਆਪਣੇ ਦੇਸ਼ ਵਿਚ ਟਾਇਲਟਸ ਦੇ ਨਿਰਮਾਣ ਅਤੇ ਉਨ੍ਹਾਂ ਦੀ ਬਿਹਤਰ ਦੇਖਭਾਲ 'ਤੇ ਜ਼ੋਰ ਦਿੱਤਾ ਹੈ। ਜਿਨਪਿੰਗ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਕਿਹਾ,''ਦੇਸ਼ ਵਿਚ ਸੈਰ ਸਪਾਟਾ ਉਦਯੋਗ ਨੂੰ ਵਧਾਵਾ ਦੇਣ ਅਤੇ ਸ਼ਹਿਰਾਂ ਅਤੇ ਪਿੰਡਾਂ ਦੀ ਬਿਹਤਰੀ ਲਈ ਸਾਫ ਟਾਇਲਟਸ ਦਾ ਨਿਰਮਾਣ ਕਰਨਾ ਬਹੁਤ ਮਹੱਤਵਪੂਰਣ ਹੈ। ਇਸ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਸੁਧਰੇਗਾ।'' ਚੀਨ ਦੇ ਕੌਮੀ ਸੈਰ ਸਪਾਟਾ ਵਿਭਾਗ ਨੇ ਹਾਲ ਵਿਚ ਹੀ ਇਕ ਕਾਰਜ ਯੋਜਨਾ 'ਤੇ ਅਮਲ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਸਾਲ 2020 ਤੱਕ ਪੂਰੇ ਦੇਸ਼ ਵਿਚ ਅਤੇ ਸੈਰ ਸਪਾਟਾ ਸਥਲਾਂ 'ਤੇ 64 ਹਜ਼ਾਰ ਟਾਇਲਟਸ ਬਣਾਏ ਜਾਣਗੇ। ਇਸ ਦੇ ਇਲਾਵਾ ਪਹਿਲਾਂ ਤੋਂ ਬਣੇ ਟਾਇਲਟਸ ਵਿਚ ਸੁਧਾਰ ਕੀਤਾ ਜਾਵੇਗਾ। ਚੀਨ ਨੇ ਸਾਲ 2015 ਵਿਚ ''ਟਾਇਲਟ ਕ੍ਰਾਂਤੀ'' ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਸ ਯੋਜਨਾ ਦੇ ਤਹਿਤ ਸੈਰ ਸਪਾਟਾ ਵਿਭਾਗ ਨੇ ਕਰੀਬ 68 ਹਜ਼ਾਰ ਟਾਇਲਟਸ ਦਾ ਨਵੀਨੀਕਰਨ ਕਰਵਾਇਆ ਹੈ। ਬੀਤੇ ਸਾਲ 5.93 ਕਰੋੜ ਅੰਤਰ ਰਾਸ਼ਟਰੀ ਸੈਲਾਨੀ ਚੀਨ ਪਹੁੰਚੇ ਸਨ। ਚੀਨ ਉਨ੍ਹਾਂ ਸ਼ਿਖਰ ਦੇਸ਼ਾਂ ਵਿਚ ਸ਼ਾਮਿਲ ਹੈ, ਜਿੱਥੇ ਸਭ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਪਹੁੰਚਦੇ ਹਨ ਪਰ ਸੈਲਾਨੀ ਸਥਲਾਂ 'ਤੇ ਟਾਇਲਟਸ ਦੀ ਕਮੀ ਅਤੇ ਗੰਦਗੀ ਕਾਰਨ ਅਕਸਰ ਸੈਲਾਨੀ ਨਰਾਜ਼ਗੀ ਜ਼ਾਹਰ ਕਰਦੇ ਰਹੇ ਹਨ।