ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਸਿੱਖ ਔਰਤ ਬਣੀ ਜੱਜ, ਜਾਣੋ ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ?

02/17/2023 12:16:35 AM

ਨਿਊਯਾਰਕ : ਮਨਪ੍ਰੀਤ ਮੋਨਿਕਾ ਸਿੰਘ ਭਾਰਤੀ ਮੂਲ ਦੀ ਇਕ ਸਿੱਖ ਔਰਤ ਹੈ, ਜੋ ਅਮਰੀਕਾ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਸਮਾਜ, ਦੇਸ਼ ਅਤੇ ਖੁਦ ਲਈ ਇਕ ਬਹੁਤ ਹੀ ਮਾਣ ਵਾਲਾ ਕੰਮ ਕੀਤਾ ਹੈ। ਅਮਰੀਕਾ 'ਚ ਪਹਿਲੀ ਵਾਰ ਭਾਰਤੀ ਮੂਲ ਦੀ ਕੋਈ ਸਿੱਖ ਔਰਤ ਜੱਜ ਬਣੀ ਹੈ। ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਜੱਜ ਵਜੋਂ ਸਹੁੰ ਚੁੱਕੀ ਹੈ। ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ-ਪੋਸ਼ਣ ਅਮਰੀਕਾ ਦੇ ਹਿਊਸਟਨ ਵਿੱਚ ਹੋਇਆ ਅਤੇ ਅੱਜ-ਕੱਲ੍ਹ ਉਹ ਆਪਣੇ ਪਤੀ ਤੇ 2 ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ: ਆਇਰਲੈਂਡ, ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਜਿੱਥੇ ਸੱਪ ਨਹੀਂ ਹੁੰਦੇ

ਪਿਛਲੇ 20 ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ ਮੋਨਿਕਾ

ਮੋਨਿਕਾ ਸਿੰਘ ਦੇ ਪਿਤਾ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਆ ਗਏ ਸਨ।  ਮੋਨਿਕਾ ਸਿੰਘ 20 ਸਾਲਾਂ ਤੋਂ ਵਕੀਲ ਵਜੋਂ ਕੰਮ ਕਰ ਰਹੀ ਸੀ। ਉਹ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਨਾਲ ਵੀ ਜੁੜੀ ਰਹੀ ਹੈ।

ਇਹ ਵੀ ਪੜ੍ਹੋ : ਤਾਇਵਾਨ ਨੂੰ ਲੈ ਕੇ ਫਿਰ ਬੌਖਲਾਇਆ ਚੀਨ, 2 ਅਮਰੀਕੀ ਰੱਖਿਆ ਕੰਪਨੀਆਂ 'ਤੇ ਲਗਾਈ ਪਾਬੰਦੀ

ਸਹੁੰ ਚੁੱਕ ਸਮਾਗਮ 'ਚ ਕੀ ਬੋਲੀ ਮੋਨਿਕਾ?

ਮੋਨਿਕਾ ਨੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਲਾਅ ਨੰਬਰ 4 'ਚ ਹੈਰਿਸ ਕਾਊਂਟੀ ਸਿਵਲ ਕੋਰਟ ਵਿੱਚ ਜੱਜ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ 'ਚ ਮਨਪ੍ਰੀਤ ਮੋਨਿਕਾ ਸਿੰਘ ਨੇ ਕਿਹਾ ਕਿ ਮੈਂ ਹਿਊਸਟਨ ਦੀ ਨੁਮਾਇੰਦਗੀ ਕਰਦੀ ਹਾਂ ਅਤੇ ਮੈਂ ਬਹੁਤ ਖੁਸ਼ ਹਾਂ, ਇਹ ਅਹੁਦਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੋਨਿਕਾ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਭਾਰਤੀ-ਅਮਰੀਕੀ ਜੱਜ ਰਵੀ ਸੈਂਡਿਲ ਨੇ ਕੀਤੀ, ਜੋ ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਸਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੱਖ ਕੌਮ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਦਾਲਤ ਵਿੱਚ ਮੌਜੂਦ ਸਨ। ਇਸ ਦੌਰਾਨ ਜਸਟਿਸ ਸੈਂਡਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਇਹ ਸੱਚਮੁੱਚ ਸਿੱਖ ਕੌਮ ਲਈ ਬਹੁਤ ਵੱਡਾ ਪਲ ਹੈ।"

ਇਹ ਵੀ ਪੜ੍ਹੋ : ਨੇਪਾਲ 'ਚ MP ਦੇ ਘਰ 'ਚ ਬਲਾਸਟ; ਮਾਂ ਦੀ ਮੌਤ, ਗੰਭੀਰ ਹਾਲਤ 'ਚ ਸੰਸਦ ਮੈਂਬਰ ਦਾ ਮੁੰਬਈ 'ਚ ਕੀਤਾ ਜਾਵੇਗਾ ਇਲਾਜ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਕ ਅਨੁਮਾਨ ਮੁਤਾਬਕ ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ ਅਤੇ ਇਨ੍ਹਾਂ ਵਿੱਚੋਂ 20,000 ਦੇ ਕਰੀਬ ਸਿੱਖ ਹਿਊਸਟਨ ਇਲਾਕੇ ਵਿੱਚ ਰਹਿੰਦੇ ਹਨ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਮਨਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੇ ਨਾਲ-ਨਾਲ ਹਿਊਸਟਨ ਦੇ ਲੋਕਾਂ ਲਈ ਵੀ ਬਹੁਤ ਮਾਣ ਵਾਲਾ ਦਿਨ ਹੈ ਕਿਉਂਕਿ ਉਨ੍ਹਾਂ ਨੂੰ ਵੀ ਵਿਭਿੰਨਤਾ ਦੇਖਣ ਨੂੰ ਮਿਲੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh