ਮਨਮੀਤ ਅਲੀਸ਼ੇਰ ਦੀ ਯਾਦ 'ਚ ਆਸਟ੍ਰੇਲੀਆ 'ਚ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ

10/28/2017 2:58:26 PM

ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬੀਤੇ ਸਾਲ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਇਕ ਅਜਿਹੀ ਅਣਹੋਣੀ ਵਾਪਰੀ ਕਿ ਉਹ ਆਪਣੇ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਹੋ ਗਿਆ। ਬ੍ਰਿਸਬੇਨ 'ਚ ਅੱਜ ਉਸ ਦੀ ਪਹਿਲੀ ਬਰਸੀ 'ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮਨਮੀਤ ਅਲੀਸ਼ੇਰ ਨੂੰ ਯਾਦ ਕੀਤਾ ਗਿਆ ਅਤੇ ਉਸ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ ਵਿਖੇ ਮਨਮੀਤ ਦੀ ਯਾਦ 'ਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਮਨਮੀਤ ਦਾ ਪਰਿਵਾਰ ਅਤੇ ਉਸ ਦੇ ਦੋਸਤ ਬੀਤੇ ਦਿਨੀਂ ਭਾਰਤ ਤੋਂ ਆਸਟ੍ਰੇਲੀਆ ਪੁੱਜੇ ਹਨ। 
ਬ੍ਰਿਸਬੇਨ ਸਿਟੀ ਕੌਂਸਲ ਵਲੋਂ ਮਨਮੀਤ ਦੀ ਯਾਦ 'ਚ ਬ੍ਰਿਸਬੇਨ 'ਚ 'ਮਨਮੀਤ ਪੈਰਾਡਾਈਸ' ਪਾਰਕ ਦਾ ਨਾਂ ਰੱਖਿਆ ਗਿਆ ਹੈ, ਜਿਸ 'ਚ ਮਨਮੀਤ ਦਾ ਬੁੱਤ ਲਾਇਆ ਗਿਆ ਹੈ। ਇੱਥੇ ਪਰਿਵਾਰ ਦੀ ਮੌਜੂਦਗੀ ਵਿਚ ਦੋਸਤਾਂ ਅਤੇ ਆਸਟ੍ਰੇਲੀਆ 'ਚ ਰਹਿੰਦੇ ਭਾਰਤੀ ਭਾਈਚਾਰੇ ਵਲੋਂ ਮਨਮੀਤ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। 


ਦੱਸਣਯੋਗ ਹੈ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ 'ਚ ਬੱਸ ਡਰਾਈਵਰ ਸੀ। ਉਸ ਨੇ ਆਪਣੀਆਂ ਜ਼ਿੰਦਗੀਆਂ ਦੀਆਂ ਅਜੇ ਸਿਰਫ 28 ਬਹਾਰਾਂ ਹੀ ਦੇਖੀਆਂ ਸਨ। ਮਨਮੀਤ ਪੰਜਾਬ ਦੇ ਸੰਗਰੂਰ ਜ਼ਿਲੇ ਦਾ ਰਹਿਣ ਵਾਲਾ ਸੀ। 28 ਅਕਤੂਬਰ 2016 ਦਾ ਦਿਨ ਉਸ ਲਈ ਭਿਆਨਕ ਸਾਬਤ ਹੋਇਆ, ਜਦੋਂ ਇਕ ਸਿਰਫਿਰੇ ਗੋਰੇ ਨੇ ਉਸ ਦੀ ਬੱਸ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।