ਮਨਮੀਤ ਅਲੀਸ਼ੇਰ ਨੂੰ ਨਹੀਂ ਮਿਲਿਆ ਇਨਸਾਫ, ਹੱਕ ਲਈ ਖੜ੍ਹਾ ਹੋਇਆ ਪੰਜਾਬੀ ਭਾਈਚਾਰਾ

08/18/2018 5:57:45 PM

ਬ੍ਰਿਸਬੇਨ (ਏਜੰਸੀ)— ਪਿਛਲੇ ਹਫਤੇ ਆਸਟ੍ਰੇਲੀਆ 'ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਬ੍ਰਿਸਬੇਨ 'ਚ ਬੱਸ ਡਰਾਈਵਰ ਅਲੀਸ਼ੇਰ ਨਾਲ ਇਹ ਘਟਨਾ 28 ਅਕਤੂਬਰ 2016 'ਚ ਵਾਪਰੀ ਸੀ। ਬ੍ਰਿਸਬੇਨ ਕੋਰਟ ਨੇ ਦੋਸ਼ੀ ਐਨਥਨੀ ਨੂੰ ਮੈਂਟਲ ਕਰਾਰ ਦਿੱਤਾ ਅਤੇ 10 ਸਾਲ ਲਈ 'ਮੈਂਟਲ ਵਾਰਡ 'ਚ ਰੱਖਣ ਦੇ ਹੁਕਮ ਦਿੱਤੇ। ਕੋਰਟ ਨੇ ਕਿਹਾ ਕਿ ਐਨਥਨੀ 'ਤੇ ਅਪਰਾਧਕ ਮਾਮਲੇ ਦਾ ਟਰਾਇਲ ਨਹੀਂ ਚੱਲੇਗਾ, ਕਿਉਂਕਿ ਉਸ ਨੇ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਕਤਲ ਕੀਤਾ। ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਆਸਟ੍ਰੇਲੀਅਨ ਭਾਰਤੀ ਭਾਈਚਾਰਾ ਖਾਸ ਕਰ ਕੇ ਪੰਜਾਬੀ ਭਾਈਚਾਰੇ ਨੇ ਇਸ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ। 


ਆਸਟ੍ਰੇਲੀਅਨ ਲੇਬਰ ਪਾਰਟੀ ਦੇ ਕਾਰਜਕਾਰੀ ਜਸਵਿੰਦਰ ਸਿੱਧੂ ਅਤੇ ਮੈਲਬੌਰਨ ਆਧਾਰਿਤ ਭਾਈਚਾਰੇ ਦੇ ਮੈਂਬਰਾਂ ਅਤੇ ਵਰਕਰਾਂ ਨੇ ਇਕ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕੀਤੀ ਹੈ। ਜਿਸ 'ਤੇ 4 ਦਿਨਾਂ 'ਚ 25,000 ਲੋਕਾਂ ਨੇ ਦਸਤਖਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪਟੀਸ਼ਨ ਨੂੰ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ, ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਾਸਤਾਸੀਆ ਪਲਾਸਜ਼ਕਜ਼ੁਕ ਅਤੇ ਅਟਾਰਨੀ ਜਨਰਲ ਕ੍ਰਿਸ਼ੀਅਨ ਪੋਰਟਰ ਨੂੰ ਭੇਜਿਆ ਜਾਵੇਗਾ। ਓਧਰ ਸਿੱਧੂ ਨੇ ਕਿਹਾ ਕਿ ਅਸੀਂ ਮਾਨਯੋਗ ਅਦਾਲਤ ਦੇ ਨਿਯਮਾਂ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਇਹ ਵੀ ਮੰਨਦੇ ਅਤੇ ਮਹਿਸੂਸ ਕਰਦੇ ਹਾਂ ਕਿ ਮਨਮੀਤ ਅਲੀਸ਼ੇਰ ਨੂੰ ਨਿਆਂ ਨਹੀਂ ਮਿਲਿਆ ਅਤੇ ਨਾਲ ਦੀ ਨਾਲ ਉਸ ਦੇ ਪਰਿਵਾਰ ਅਤੇ ਇੱਥੋਂ ਤਕ ਕਿ ਮਨੁੱਖਤਾ ਨਾਲ ਨਿਆਂ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਪਟੀਸ਼ਨ 'ਤੇ ਇੰਨੇ ਸਾਰੇ ਦਸਤਖਤ ਕਰਨ ਵਾਲੇ ਲੋਕ ਮੰਨ ਰਹੇ ਹਨ ਕਿ ਕਾਤਲ ਵਿਰੁੱਧ ਕਾਰਵਾਈ ਹੋਵੇ ਤਾਂ ਫਿਰ ਸਾਡੇ ਰਾਜਨੇਤਾਵਾਂ ਨੂੰ ਵੀ ਭਾਈਚਾਰੇ ਦੀ ਉਮੀਦ ਅਨੁਸਾਰ ਕਾਨੂੰਨਾਂ 'ਚ ਕੁਝ ਬਦਲਾਅ ਜਾਂ ਇਸ 'ਤੇ ਨਜ਼ਰ ਰੱਖਣ ਦੀ ਲੋੜ ਹੈ।

ਦੱਸਣਯੋਗ ਹੈ ਕਿ 29 ਸਾਲਾ ਅਲੀਸ਼ੇਰ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਰਹਿੰਦੇ ਪੰਜਾਬੀ ਭਾਈਚਾਰੇ 'ਚ ਇਕ ਪ੍ਰਸਿੱਧ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਸੀ। 28 ਅਕਤੂਬਰ 2016 ਨੂੰ ਮਨਮੀਤ ਜਦੋਂ ਬੱਸ ਸਟੌਪ 'ਤੇ ਖੜ੍ਹਾ ਸੀ ਤਾਂ ਦੋਸ਼ੀ ਐਨਥਨੀ ਨੇ ਉਸ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ। ਬੱਸ ਅੰਦਰ 14 ਹੋਰ ਯਾਤਰੀ ਫਸ ਗਏ ਸਨ ਪਰ ਉਨ੍ਹਾਂ ਦੀ ਜਾਨ ਬਚ ਗਈ, ਅਲੀਸ਼ੇਰ ਦੀ ਮੌਤ ਹੋ ਗਈ। ਦੋਸ਼ੀ ਐਨਥਨੀ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਅਲੀਸ਼ੇਰ ਦਾ ਕਤਲ ਕਰਨ ਅਤੇ 14 ਹੋਰ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ। ਅਲੀਸ਼ੇਰ ਨੂੰ ਇਨਸਾਫ ਦਿਵਾਉਣ ਦੀ ਲੜਾਈ 'ਚ ਕੋਰਟ ਨੇ ਜੋ ਫੈਸਲਾ ਸੁਣਾਇਆ, ਉਸ ਤੋਂ ਉਸ ਦਾ ਪਰਿਵਾਰ ਅਤੇ ਭਾਈਚਾਰਾ ਸੰਤੁਸ਼ਟ ਨਹੀਂ ਹੈ।