ਗੁਰਦੁਆਰਾ ਸ੍ਰੀ ਪੰਜਾ ਸਾਹਿਬ ''ਚ ਮਰਿਆਦਾ ਭੰਗ, ਮਨਜਿੰਦਰ ਸਿਰਸਾ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

10/03/2022 3:14:11 PM

ਜਲੰਧਰ (ਬਿਊਰੋ) : ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਮਰਿਆਦਾ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਿਲਮ 'ਲਾਹੌਰ-ਲਾਹੌਰ ਏ' ਦੀ ਸ਼ੂਟਿੰਗ ਗੁਰਦੁਆਰੇ 'ਚ ਹੋਈ। ਇਸ ਦੌਰਾਨ ਸਟਾਰ ਕਾਸਟ ਅਤੇ ਟੀਮ ਜੁੱਤੀਆਂ ਪਾ ਕੇ ਗੁਰਦੁਆਰੇ 'ਚ ਸ਼ੂਟਿੰਗ ਕਰਦੇ ਹੋਏ ਨਜ਼ਰ ਆਏ। ਇਹ ਵੇਖ ਕੇ ਇੱਕ ਸ਼ਰਧਾਲੂ ਟੀਮ ਨਾਲ ਉਲਝ ਗਿਆ ਅਤੇ ਘਟਨਾ ਦੀ ਮੌਕੇ 'ਤੇ ਵੀਡੀਓ ਬਣਾਉਣ ਲੱਗਾ। ਉਥੇ ਹੀ ਇਸ ਘਟਨਾ ਨੂੰ ਲੈ ਕੇ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਵੀਡੀਓ ਸ਼ੇਅਰ ਕਰਕੇ ਇਸ 'ਤੇ ਸਖ਼ਤ ਇਤਰਾਜ ਜਤਾਇਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਇਸ ਖ਼ਿਲਾਫ਼ ਐਕਸ਼ਨ ਲਿਆ ਜਾਵੇ।

 

ਜਾਣਕਾਰੀ ਅਨੁਸਾਰ, ਫ਼ਿਲਮ ਦੀ ਸ਼ੂਟਿੰਗ ਦੌਰਾਨ 10 ਤੋਂ ਵੱਧ ਮੁਸਲਿਮ ਕਲਾਕਾਰ ਗੁਰਦੁਆਰੇ 'ਚ ਦਸਤਾਰਾਂ ਬੰਨ੍ਹ ਕੇ ਸ਼ੂਟਿੰਗ ਕਰ ਰਹੇ ਸਨ। ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਨੇ ਜਦੋਂ ਸਟਾਰ ਕਾਸਟ ਤੇ ਟੀਮ ਨੂੰ ਜੁੱਤੀਆਂ ਪਾ ਕੇ ਅੰਦਰ ਜਾਂਦੇ ਵੇਖਿਆ ਤਾਂ ਉਨ੍ਹਾਂ ਵਿਰੋਧ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਅਤੇ ਵਾਇਰਲ ਕਰ ਦਿੱਤੀ। ਵੀਡੀਓ 'ਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਫ਼ਿਲਮ ਦੀ ਸਟਾਰ ਕਾਸਟ ਨੂੰ ਸਿੱਖ ਧਰਮ ਤੇ ਮਰਿਆਦਾ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।

ਸ਼ੂਟਿੰਗ ਦੌਰਾਨ ਕਈ ਮੁਸਲਿਮ ਅਦਾਕਾਰਾਂ ਨੇ ਸਿੱਖਾਂ ਵਾਂਗ ਦਸਤਾਰ ਸਜਾਈ ਹੋਈ ਸੀ। ਕਈਆਂ ਨੇ ਤਾਂ ਜੁੱਤੀਆਂ ਪਾਈਆਂ ਹੋਈਆਂ ਸਨ ਅਤੇ ਸਿਰ ਵੀ ਢੱਕੇ ਨਹੀਂ ਸਨ। ਸਿੱਖਾਂ ਦੇ ਵਿਰੋਧ ਤੋਂ ਬਾਅਦ ਮੁਸਲਮਾਨ ਕਲਾਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ-ਆਪ ਨੂੰ ਮਹਿਮਾਨ ਕਹਿਣ ਲੱਗੇ। ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਸਟਾਰ ਕਾਸਟ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 

sunita

This news is Content Editor sunita