ਮੈਨਚੇਸਟਰ ਬੰਬ ਧਮਾਕੇ ਦੇ ਸਿਲਸਿਲੇ 'ਚ ਇਕ ਹੋਰ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

05/26/2017 11:32:34 AM

ਲੰਡਨ— ਮੈਨਚੇਸਟਰ 'ਚ ਇਸ ਹਫ਼ਤੇ ਇਕ ਪੌਪ ਗਾਇਕਾ ਦੇ ਕੌਨਸਰਟ 'ਚ ਹੋਏ ਬੰਬ ਧਮਾਕੇ ਦੇ ਸਿਲਸਿਲੇ 'ਚ ਬ੍ਰਿਟਿਸ਼ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਕਰਤਾ ਉਸ ਵਿਸ਼ਾਲ ਅੱਤਵਾਦੀ ਨੈੱਟਵਰਕ ਤੋਂ ਪਰਦਾ ਉਠਾਉਣ 'ਚ ਜੁਟੇ ਹਨ, ਜਿਸ ਦਾ ਆਤਮਘਾਤੀ ਹਮਲਾਵਰ ਹਿੱਸਾ ਸੀ। ਗ੍ਰੇਟਰ ਮੈਨਚੇਸਟਰ ਪੁਲਸ ਨੇ ਕਿਹਾ ਕਿ ਮੈਨਚੇਸਟਰ 'ਚ ਮਾਸ ਸਾਈਡ ਇਲਾਕੇ 'ਚ ਇਕ ਪਤੇ 'ਤੇ ਥਾਂ ਦੀ ਤਲਾਸ਼ੀ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ, '' ਹੁਣ ਤੱਕ 10 ਲੋਕਾਂ ਨੂੰ ਜਾਂਚ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਔਰਤ ਅਤੇ ਇਕ ਪੁਰਸ਼ ਨੂੰ ਬਿਨਾ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ। 8 ਲੋਕਾਂ ਨੂੰ ਅਜੇ ਵੀ ਪੁੱਛ-ਗਿੱਛ ਲਈ ਹਿਰਾਸਤ 'ਚ ਰੱਖਿਆ ਗਿਆ ਹੈ।'' 
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲੀਬੀਆਈ ਮੂਲ ਦੇ ਪਰਿਵਾਰ 'ਚ ਮੈਨਚੇਸਟਰ 'ਚ ਜੰਮਿਆ ਆਤਮਘਾਤੀ ਹਮਲਾਵਰ ਸਲਮਾਨ ਅਬੇਦੀ ਇਕ ਅੱਤਵਾਦੀ ਨੈੱਟਵਰਕ ਦੇ ਹਿੱਸੇ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਕੁਝ ਖ਼ਬਰਾਂ 'ਚ ਅਜਿਹੇ ਵੀ ਸੰਕੇਤ ਦਿੱਤੇ ਗਏ ਹਨ ਕਿ ਸੁਰੱਖਿਆ ਬਲਾਂ ਨੂੰ ਹੁਣ ਸਲਮਾਨ ਦੇ ਬਣਾਏ ਹੋਏ ਇਕ ਦੂਜੇ ਉਪਕਰਣ ਦੀ ਭਾਲ ਹੈ, ਜੋ ਅੱਤਵਾਦੀ ਨੈੱਟਵਰਕ ਦੇ ਕਿਸੇ ਦੂਜੇ ਮੈਂਬਰ ਦੇ ਕੋਲ ਹੋ ਸਕਦਾ ਹੈ।