3 ਮਹੀਨੇ ਦੇ ਮਾਸੂਮ ਦੀ ਜ਼ਿੰਦਗੀ ਲਈ ਤਰਲੇ ਕਰ ਰਹੇ ਮਾਪੇ, ਡਾਕਟਰਾਂ ਦਿੱਤਾ ਜਵਾਬ

12/17/2019 3:49:56 PM

ਵਾਸ਼ਿੰਗਟਨ (ਬਿਊਰੋ): ਮਾਤਾ-ਪਿਤਾ ਦੀ ਜਾਨ ਆਪਣੇ ਬੱਚਿਆਂ ਵਿਚ ਹੁੰਦੀ ਹੈ। ਜੇਕਰ ਬੱਚਾ ਗੰਭੀਰ ਬੀਮਾਰ ਵੀ ਹੁੰਦਾ ਹੈ ਤਾਂ ਵੀ ਮਾਤਾ-ਪਿਤਾ ਆਸ ਨਹੀਂ ਛੱਡਦੇ ਅਤੇ ਉਸ ਦੀ ਲੰਬੀ ਜ਼ਿੰਦਗੀ ਦੀ ਪ੍ਰਾਰਥਨਾ ਕਰਦੇ ਹਨ। ਮਾਤਾ-ਪਿਤਾ ਅਖੀਰ ਤੱਕ ਬੱਚੇ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡਦੇ। ਅਮਰੀਕਾ ਦੇ ਮੈਨਚੈਸਟਰ ਸ਼ਹਿਰ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਇਕ 3 ਮਹੀਨੇ ਦੇ ਬੱਚੇ ਦੇ ਸਿਰ 'ਤੇ ਲੱਗੀ ਸੱਟ ਨੂੰ ਕਦੇ ਨਾ ਠੀਕ ਹੋਣ ਵਾਲੀ ਦੱਸਿਆ ਹੈ। ਉਦੋਂ ਤੋਂ ਬੱਚਾ ਆਈ.ਸੀ.ਯੂ. ਵਿਚ ਭਰਤੀ ਹੈ ਅਤੇ ਉਸ ਦੀ ਜ਼ਿੰਦਗੀ ਲਾਈਫ ਸਪੋਰਟ ਸਿਸਟਮ ਦੇ ਸਹਾਰੇ ਚੱਲ ਰਹੀ ਹੈ। ਕੋਈ ਰਿਕਵਰੀ ਨਾ ਹੁੰਦੀ ਦੇਖ ਕੇ ਹੁਣ ਡਾਕਟਰਾਂ ਨੇ ਬੱਚੇ ਦਾ ਲਾਈਫ ਸਪੋਰਟ ਸਿਸਟਮ ਹਟਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਜਦਕਿ ਬੱਚੇ ਦੇ ਮਾਤਾ-ਪਿਤਾ ਉਸ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਣ ਦੀ ਮੰਗ ਕਰਨ ਲਈ ਲੜਨ ਦਾ ਮਨ ਬਣਾ ਰਹੇ ਹਨ।ਇਸ ਲਈ ਉਹ ਕੋਰਟ ਵਿਚ ਅਪੀਲ ਵੀ ਕਰਨ ਵਾਲੇ ਹਨ।

ਮੈਨਚੇਸਟਰ ਦੇ ਸੈਂਟ ਮੈਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ 3 ਮਹੀਨੇ ਦੇ ਹੋਣ ਵਾਲੇ ਬੱਚੇ ਦੇ ਸਿਰ ਵਿਚ ਜਿਹੜੀ ਸੱਟ ਲੱਗੀ ਹੈ ਉਹ ਕਦੇ ਠੀਕ ਨਹੀਂ ਹੋ ਸਕੇਗੀ। ਫਿਲਹਾਲ ਬੱਚਾ ਕੋਮਾ ਵਿਚ ਹੈ। ਬੱਚੇ ਦਾ ਇਲਾਜ ਸੰਭਵ ਨਹੀਂ। ਜਦਕਿ ਉਸ ਦੇ ਮਾਤਾ-ਪਿਤਾ ਇਸ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਹਨ। ਬੱਚੇ ਦਾ ਨਾਮ ਮਿਡਾਰ ਅਲੀ ਹੈ। ਡਾਕਟਰਾਂ ਨੇ ਮਿਡਾਰ ਦੇ ਮਾਤਾ-ਪਿਤਾ ਨੂੰ ਦੱਸਿਆ ਕਿ ਉਹ ਕਦੇ ਵੀ ਦਿਮਾਗੀ ਸੱਟ ਤੋਂ ਉਭਰ ਨਹੀਂ ਪਾਏਗਾ ਅਤੇ ਉਸ ਦਾ ਬਚਣਾ ਮੁਸ਼ਕਲ ਹੈ। ਹਸਪਤਾਲ ਦੇ ਡਾਕਟਰਾਂ ਨੇ ਮਾਤਾ-ਪਿਤਾ ਨੂੰ 3 ਮਹੀਨੇ ਦੇ ਹੋਣ ਵਾਲੇ ਮਿਡਾਰ ਦਾ ਲਾਈਫ ਸਪੋਰਟ ਸਿਸਟਮ ਹਟਾਉਣ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ। ਉੱਧਰ ਬੱਚੇ ਦੇ ਮਾਤਾ-ਪਿਤਾ ਇਸ ਗੱਲ 'ਤੇ ਅੜੇ ਹਨ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ।ਮਾਤਾ-ਪਿਤਾ ਮੁਤਾਬਕ ਬੱਚੇ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਇਸ ਲਈ ਲਾਈਫ ਸਪੋਰਟ ਸਿਸਟਮ ਹਟਾਏ ਜਾਣ ਦੀ ਲੋੜ ਨਹੀਂ ਹੈ। 

ਮਿਡਾਰ ਦੀ ਮਾਂ ਸ਼ੋਖਨ ਦੀ ਗਰਭ ਅਵਸਥਾ ਸਧਾਰਨ ਸੀ ਪਰ ਜਨਮ ਦੌਰਾਨ ਕੁਝ ਮੁਸ਼ਕਲਾਂ ਆਈਆਂ। ਬੱਚੇ ਦੇ ਦਿਮਾਗ ਨੂੰ ਜਿਹੜੀ ਆਕਸੀਜਨ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਪਾਈ, ਜਿਸ ਕਾਰਨ ਦਿਮਾਗ ਦਾ ਸਹੀ ਵਿਕਾਸ ਨਹੀਂ ਹੋ ਸਕਿਆ। 35 ਸਾਲਾ ਬਾਇਓਮੈਡੀਕਲ ਵਿਗਿਆਨੀ ਅਲੀ ਨੇ ਕਿਹਾ ਕਿ ਜਦੋਂ ਬੱਚੇ ਦਾ ਜਨਮ ਹੋਇਆ ਉਸ ਸਮੇਂ ਸਭ ਕੁਝ ਠੀਕ ਸੀ। ਗਰਭਨਾਲ ਪਹਿਲਾਂ ਬਾਹਰ ਆ ਗਈ ਅਤੇ ਜਦੋਂ ਮਿਡਾਰ ਬਾਹਰ ਆਇਆ ਤਾਂ ਉਹਨਾਂ ਨੇ ਉਸ ਨੂੰ ਦਵਾਈਆਂ ਦੇ ਨਾਲ ਮੁੜ ਜਿਉਂਦਾ ਕੀਤਾ। ਮਿਡਾਰ ਦੇ ਜਨਮ ਲੈਣ ਦੇ 8 ਮਿੰਟ ਦੇ ਬਾਅਦ ਡਾਕਟਰਾਂ ਨੇ ਉਸ ਦੀ ਦਿਲ ਦੀ ਧੜਕਨ ਸੁਣੀ।ਇਸ ਮਗਰੋਂ ਸਖਤ ਨਿਗਰਾਨੀ ਹੇਠ ਬੱਚੇ ਨੂੰ ਆਈ.ਸੀ.ਯੂ. ਵਿਚ ਲਿਜਾਇਆ ਗਿਆ। 

ਫਿਲਹਾਲ ਮਿਡਾਰ ਕੋਮਾ ਵਿਚ ਹੈ ਪਰ ਜਨਮ ਲੈਣ ਦੇ 43 ਦਿਨ ਬਾਅਦ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਮਿਡਾਰ ਦੇ ਉਂਗਲਾਂ ਹਿਲਾਉਣ ਦੇ ਵੀਡੀਓ ਹਨ ਅਤੇ ਉਹ ਜਵਾਬ ਦਿੰਦਾ ਹੈ ਜਦੋਂ ਅਸੀਂ ਆਪਣਾ ਹੱਥ ਉਸ ਦੀ ਛਾਤੀ 'ਤੇ ਰੱਖਦੇ ਹਾਂ। ਉਹ ਆਪਣੇ ਸਿਰ ਨੂੰ ਮੋੜਨ ਅਤੇ ਆਪਣੀ ਛਾਤੀ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਹਾਲੇ ਉਸ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। 

ਅਲੀ ਅਤੇ ਉਸ ਦੀ 28 ਸਾਲਾ ਪਤਨੀ ਦਾ ਇਕ ਹੋਰ ਬੇਟਾ ਹੈ, ਜਿਸ ਦੀ ਉਮਰ 2 ਸਾਲ ਹੈ। ਕੁਝ ਦਿਨ ਪਹਿਲਾਂ ਪੈਦਾ ਹੋਏ ਦੂਜੇ ਬੇਟੇ ਮਿਡਾਰ ਨੂੰ ਜਨਮ ਤੋਂ ਹੀ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਉਸ 'ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਹੋਰ ਮੌਕਾ ਦਿੱਤੇ ਜਾਣ ਦੀ ਲੋੜ ਹੈ ਪਰ ਹਸਪਤਾਲ ਨੇ ਸਾਰੇ ਦਰਵਾਜੇ ਬੰਦ ਕਰ ਦਿੱਤੇ ਹਨ। ਡਾਕਟਰਾਂ ਮੁਤਾਬਕ ਕੋਈ ਆਸ ਨਹੀਂ ਹੈ, ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ। ਉਸ ਦੀਆਂ ਹਰਕਤਾਂ ਸਿਰਫ ਰਿਫਲੈਕਸ ਹਨ, ਦਿਮਾਗੀ ਗਤੀਵਿਧੀਆਂ ਨਹੀਂ। ਪ੍ਰਿਸਟੇਨ ਦੀ ਫੈਮਿਲੀ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਫਿਲਹਾਲ ਇਹ ਮਾਮਲਾ ਸ਼ੁਰੂਆਤੀ ਪੜਾਅ ਵਿਚ ਹੈ।

Vandana

This news is Content Editor Vandana