100 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, ਰੱਬ ਨੇ ਹੱਥ ਰੱਖ ਕੇ ਬਚਾਈ ਜਾਨ

02/05/2018 1:07:23 PM

ਸਨਸ਼ਾਈਨ ਕੋਸਟ— ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ 'ਚ ਐਤਵਾਰ ਨੂੰ ਇਕ ਕਾਰ 100 ਮੀਟਰ ਡੂੰਘੀ ਖੱਡ 'ਚ ਡਿੱਗ ਗਈ ਪਰ ਕਾਰ ਦੇ ਡਰਾਈਵਰ ਜੋ ਕਾਰ 'ਚ ਇਕੱਲਾ ਹੀ ਸੀ, ਨੂੰ ਰੱਬ ਨੇ ਹੱਥ ਰੱਖ ਕੇ ਬਚਾ ਲਿਆ। ਐਮਰਜੈਂਸੀ ਅਤੇ ਬਚਾਅ ਟੀਮ ਦੇ ਅਧਿਕਾਰੀ ਜਦੋਂ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਹ ਖੱਡ 'ਚ ਡਿੱਗੀ ਕਾਰ ਦੇ ਡਰਾਈਵਰ ਨੂੰ ਜ਼ਿੰਦਾ ਬਾਹਰ ਲੈ ਕੇ ਆਏ, ਜਿਸ ਨੂੰ ਦੇਖ ਕੇ ਅਧਿਕਾਰੀ ਹੈਰਾਨ ਰਹਿ ਗਏ। ਅਧਿਕਾਰੀ ਨੇ ਇਸ ਨੂੰ ਇਕ ਤਰ੍ਹਾਂ ਦਾ ਚਮਤਕਾਰ ਦੱਸਿਆ। ਡਰਾਈਵਰ ਨੂੰ ਕਈ ਸੱਟਾਂ ਲੱਗੀਆਂ ਅਤੇ ਖੂਨ ਵਹਿ ਰਿਹਾ ਸੀ। ਡਰਾਈਵਰ ਕਾਰ 'ਚੋਂ ਬਾਹਰ ਡਿੱਗ ਗਿਆ ਸੀ ਅਤੇ ਐਂਬੂਲੈਂਸ ਦੀ ਉਡੀਕ ਕਰ ਰਿਹਾ ਸੀ। 


ਇਕ ਚਸ਼ਮਦੀਦ ਨੇ ਇਸ ਘਟਨਾ ਨੂੰ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਕਾਰ ਦੇ ਡਰਾਈਵਰ ਦਾ ਨਾਂ ਪੌਲ ਰੌਬਿਨਸਨ ਹੈ, ਹਾਦਸੇ ਤੋਂ ਬਾਅਦ ਉਸ ਦੀ ਮਦਦ ਲਈ ਨਰਸ ਅਤੇ ਪੈਰਾ-ਮੈਡੀਕਲ ਅਧਿਕਾਰੀ ਪੁੱਜੇ। ਅਧਿਕਾਰੀਆਂ ਨੇ ਉਸ ਨੂੰ ਖੱਡ ਵਿਚਲੀਆਂ ਝਾੜੀਆਂ 'ਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਦਿੱਤੀ ਗਈ। ਚਸ਼ਮਦੀਦ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਹਾਦਸਾ ਸੀ, ਮੈਨੂੰ ਨਹੀਂ ਲੱਗਦਾ ਸੀ ਕਿ ਡਰਾਈਵਰ ਜ਼ਿੰਦਾ ਬਚੇਗਾ ਪਰ ਉਹ ਜ਼ਿੰਦਾ ਨਿਕਲਿਆ।

ਉਸ ਨੇ ਕਿਹਾ ਕਿ ਡਰਾਈਵਰ ਬਹੁਤ ਹੀ ਕਿਸਮਤ ਵਾਲਾ ਹੈ। ਇਹ ਬਹੁਤ ਭਿਆਨਕ ਹਾਦਸਾ ਸੀ, ਖੁਸ਼ਕਿਸਮਤੀ ਨਾਲ ਵਿਅਕਤੀ ਸਿਰਫ ਜ਼ਖਮੀ ਹੋਇਆ ਹੈ। ਬਚਾਅ ਅਧਿਕਾਰੀਆਂ ਨੇ ਉਸ ਨੂੰ ਸਟੈਚਰ ਅਤੇ ਰੱਸੀਆਂ ਦੇ ਸਹਾਰੇ ਖੱਡ 'ਚੋਂ ਬਾਹਰ ਕੱਢਿਆ। ਰੌਬਿਨਸਨ ਨੂੰ ਸਨਸ਼ਾਈਨ ਕੋਸਟ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।