ਪੁਲਸ 'ਤੇ ਤਲਵਾਰ ਨਾਲ ਹਮਲਾ ਕਰਨ ਵਾਲਾ ਦੋਸ਼ੀ ਕੀਤਾ ਗਿਆ ਢੇਰ

07/22/2019 12:19:18 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੁਲਸ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਕਿਉਂਕਿ ਉਹ 6 ਲੋਕਾਂ ਅਤੇ ਪੁਲਸ 'ਤੇ ਹਮਲਾ ਕਰਨ ਵਾਲਾ ਸੀ ਜਾਣਕਾਰੀ ਮੁਤਾਬਕ ਕੈਸੋਵੇਰੀ 'ਚ ਸਵੇਰੇ 5.30 ਵਜੇ ਕਿਸੇ ਨੇ ਫੋਨ ਕਰਕੇ ਮਦਦ ਮੰਗੀ ਤੇ ਪੁਲਸ ਮੌਕੇ 'ਤੇ ਪੁੱਜੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਦੋ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਨੂੰ ਘਰ 'ਚ ਬੰਦ ਕੀਤਾ ਹੋਇਆ ਸੀ। ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਕਿਉਂਕਿ ਵਿਅਕਤੀ ਕੋਲ ਤਲਵਾਰ ਸੀ। ਪੁਲਸ ਵਾਲਿਆਂ ਨੇ ਵਿਅਕਤੀ ਨੂੰ ਸਮਝਾ ਕੇ ਇਨ੍ਹਾਂ ਲੋਕਾਂ ਨੂੰ ਉਸ ਕੋਲੋਂ 7.45 ਵਜੇ ਤਕ ਆਜ਼ਾਦ ਕਰਵਾ ਲਿਆ ਪਰ ਇਸ ਵਿਅਕਤੀ ਨੇ ਪੁਲਸ ਵਾਲਿਆਂ 'ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਸ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

ਅਧਿਕਾਰੀਆਂ ਨੇ ਕਿਹਾ ਕਿ ਅਜੇ ਪਤਾ ਨਹੀਂ ਲੱਗ ਸਕਿਆ ਕਿ ਵਿਅਕਤੀ ਦਾ ਬੱਚਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ। ਸ਼ੁਰੂਆਤੀ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਇਕ ਔਰਤ ਹਾਊਸ ਕੀਪਰ ਹੈ ਤੇ ਦੂਜੀ ਔਰਤ ਬੱਚਿਆਂ ਦੀ ਮਾਂ। ਇਹ ਵਿਅਕਤੀ ਅਜਿਹਾ ਕਿਉਂ ਕਰ ਰਿਹਾ ਸੀ, ਇਸ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ।


ਮਾਮਲੇ ਦੀ ਜਾਂਚ ਕਰ ਰਹੇ ਉੱਚ ਅਧਿਕਾਰੀ ਨੇ ਕਿਹਾ ਕਿ ਜੇਕਰ ਪੁਲਸ ਕਰਮਚਾਰੀ ਗੋਲੀਆਂ ਨਾ ਚਲਾਉਂਦੇ ਤਾਂ ਉਸ ਨੇ ਪੁਲਸ ਵਾਲਿਆਂ 'ਤੇ ਹਮਲਾ ਕਰ ਦੇਣਾ ਸੀ। ਉਨ੍ਹਾਂ ਨੂੰ ਮਜਬੂਰੀ 'ਚ ਵਿਅਕਤੀ 'ਤੇ ਗੋਲੀਆਂ ਚਲਾਉਣੀਆਂ ਪਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਂਝ ਤਾਂ ਉਹ ਹਮਲਾਵਰਾਂ ਨੂੰ ਸਮਝਾ ਕੇ, ਡਰਾ ਕੇ ਜਾਂ ਜ਼ਖਮੀ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਹੀ ਕਰਦੇ ਹਨ ਪਰ ਇਸ ਮਾਮਲੇ 'ਚ ਉਨ੍ਹਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ।