ਪਤੀ-ਪਤਨੀ ਵਿਚਾਲੇ ਹੋਈ ਤਿੱਖੀ ਬਹਿਸ, ਜਾਨ ਬਚਾਉਣ ਲਈ ਪਤੀ ਨੇ ਮਾਰੀ ਤੀਜੀ ਮੰਜ਼ਲ ਤੋਂ ਛਾਲ

09/03/2017 12:19:06 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਵਿਅਕਤੀ ਨੂੰ ਖੁਦ ਦੀ ਜਾਨ ਬਚਾਉਣ ਲਈ ਘਰ ਦੀ ਤੀਜੀ ਮੰਜ਼ਲ ਦੀ ਖਿੜਕੀ 'ਚੋਂ ਛਾਲ ਮਾਰਨੀ ਪਈ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ, ਦਰਅਸਲ ਪਤੀ-ਪਤਨੀ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ। ਬਹਿਸ ਇੰਨੀ ਵਧ ਗਈ ਕਿ ਪਤਨੀ ਨੇ ਪਤੀ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਜਾਨ ਬਚਾਉਣ ਲਈ ਪਤੀ ਨੂੰ ਘਰ ਦੀ ਤੀਜੀ ਮੰਜ਼ਲ ਦੀ ਖਿੜਕੀ 'ਚੋਂ ਛਾਲ ਮਾਰਨੀ ਪਈ।
ਪੁਲਸ ਨੇ ਇਸ ਘਟਨਾ ਬਾਰੇ ਬਿਆਨ ਜਾਰੀ ਕਰ ਕੇ ਕਿਹਾ ਕਿ 21 ਸਾਲਾ ਔਰਤ ਨੇ 26 ਸਾਲਾ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਉਸ ਦੀ ਗਰਦਨ 'ਤੇ ਡੂੰਘੇ ਜ਼ਖਮ ਹਨ ਅਤੇ ਜਾਨ ਬਚਾਉਣ ਲਈ ਉਸ ਨੂੰ ਛਾਲ ਮਾਰਨੀ ਪਈ। 
ਵਿਅਕਤੀ ਨੇ ਛਾਲ ਮਾਰੀ ਅਤੇ ਹੇਠਾਂ ਪਾਰਕਿੰਗ 'ਚ ਖੜ੍ਹੀ ਕਾਰ 'ਤੇ ਜਾ ਡਿੱਗਾ। ਜ਼ਖਮੀ ਵਿਅਕਤੀ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਮੌਕੇ 'ਤੇ ਪੁਲਸ ਅਤੇ ਨਿਊ ਸਾਊਥ ਵੇਲਜ਼ ਦੇ ਪੈਰਾ-ਮੈਡੀਕਲ ਅਧਿਕਾਰੀ ਪੁੱਜੇ ਅਤੇ ਉਸ ਦਾ ਇਲਾਜ ਕੀਤਾ ਗਿਆ। ਜਿਸ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਇਸ ਘਟਨਾ ਤੋਂ ਕੁਝ ਘੰਟੇ ਬਾਅਦ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਕਾਨ ਦੀ ਤਲਾਸ਼ੀ ਲਈ ਅਤੇ ਫੋਰੈਂਸਿਕ ਜਾਂਚ ਲਈ ਕੁਝ ਚੀਜ਼ਾਂ ਨੂੰ ਆਪਣੇ ਕਬਜ਼ੇ ਵਿਚ ਲਿਆ। ਪੁਲਸ ਨੇ ਔਰਤ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਔਰਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਐਤਵਾਰ ਭਾਵ ਅੱਜ ਉਸ ਨੂੰ ਸਥਾਨਕ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।