ਕੁਈਨਜ਼ਲੈਂਡ ''ਚ ਆਏ ਹੜ੍ਹ ਨੇ ਕੀਤਾ ਸਭ ਕੁਝ ਬਰਬਾਦ, ਪਤਨੀ ਦੀਆਂ ਅੱਖਾਂ ਸਾਹਮਣੇ ਰੁੜ੍ਹ ਗਿਆ ਪਤੀ

10/17/2017 2:54:07 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ ਸੋਮਵਾਰ ਦੀ ਰਾਤ ਇਕ ਪਰਿਵਾਰ ਲਈ ਤਬਾਹੀ ਲੈ ਕੇ ਆਈ। ਦਰਅਸਲ ਕੁਈਨਜ਼ਲੈਂਡ ਦੇ ਸ਼ਹਿਰ ਜਿਮਪੀ 'ਚ ਭਾਰੀ ਬਾਰਸ਼ ਕਾਰਨ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਹੜ੍ਹ ਆ ਗਿਆ। ਇਸ ਹੜ੍ਹ 'ਚ ਇਕ 67 ਸਾਲਾ ਵਿਅਕਤੀ ਰੁੜ੍ਹ ਗਿਆ ਅਤੇ ਉਸ ਦੀ ਮੌਤ ਹੋ ਗਈ। ਇੱਥੇ ਰਹਿਣ ਵਾਲਾ 67 ਸਾਲਾ ਵਿਅਕਤੀ ਆਪਣੀ ਪਤਨੀ ਨਾਲ ਕਾਰ 'ਚ ਸਵਾਰ ਸੀ ਕਿ ਉਨ੍ਹਾਂ ਦੀ ਕਾਰ ਹੜ੍ਹ ਦੇ ਪਾਣੀ 'ਚ ਫਸ ਗਈ ਅਤੇ ਦੋਹਾਂ ਨੇ ਕਾਰ 'ਚੋਂ ਛਾਲ ਮਾਰ ਦਿੱਤੀ ਪਰ ਵਿਅਕਤੀ ਦੁਬਾਰਾ ਆਪਣੀ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਉਹ ਰੁੜ੍ਹ ਗਿਆ।

ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਰੁੜ੍ਹ ਗਿਆ, ਕਿਉਂਕਿ ਪਾਣੀ ਦਾ ਪੱਧਰ ਬਹੁਤ ਵਧ ਗਿਆ ਸੀ। ਇਹ ਹਾਦਸਾ ਸੋਮਵਾਰ ਦੀ ਰਾਤ ਨੂੰ ਸਥਾਨਕ ਸਮੇਂ ਅਨੁਸਾਰ 7.00 ਵਜੇ ਦੇ ਕਰੀਬ ਵਾਪਰਿਆ। 


ਮੌਕੇ 'ਤੇ ਪੁੱਜੇ ਬਚਾਅ ਟੀਮ ਦੇ ਅਧਿਕਾਰੀਆਂ ਨੇ ਸਰਚ ਮੁਹਿੰਮ ਸ਼ੁਰੂ ਕੀਤੀ ਅਤੇ ਲਗਭਗ 6 ਘੰਟਿਆਂ ਬਾਅਦ ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਵਿਅਕਤੀ ਦੀ ਲਾਸ਼ ਅਤੇ ਕਾਰ ਬਰਾਮਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਲਈ ਸੋਮਵਾਰ ਦੀ ਰਾਤ ਬਹੁਤ ਹੀ ਭਿਆਨਕ ਸੀ। ਹੁਣ ਵੀ ਕੁਈਨਜ਼ਲੈਂਡ ਦੇ ਕਈ ਖੇਤਰਾਂ ਵਿਚ ਭਾਰੀ ਬਾਰਸ਼ ਅਤੇ ਤੂਫਾਨ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਕੁਈਨਜ਼ਲੈਂਡ ਦੇ ਕਈ ਹਿੱਸਿਆਂ 'ਚ ਭਾਰੀ ਬਾਰਸ਼ ਹੋਣ ਕਾਰਨ ਇਸ ਸਾਲ ਚੱਕਰਵਾਤ ਡੇਬੀ ਕਾਰਨ ਭਾਰੀ ਨੁਕਸਾਨ ਹੋਇਆ ਸੀ।