ਸਿਡਨੀ ''ਚ ਤੜਕਸਾਰ ਘਰ ਨੂੰ ਲੱਗੀ ਅੱਗ, 70 ਫੀਸਦੀ ਝੁਲਸਿਆ ਵਿਅਕਤੀ

10/07/2017 11:58:16 AM

ਸਿਡਨੀ,(ਬਿਊਰੋ)— ਆਸਟ੍ਰੇਲੀਆ ਦੇ ਸਿਡਨੀ 'ਚ ਸ਼ਨੀਵਾਰ ਤੜਕਸਾਰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ 70 ਫੀਸਦੀ ਝੁਲਸ ਗਿਆ। ਅੱਗ ਲੱਗਣ ਕਾਰਨ ਘਰ ਦਾ ਕਾਫੀ ਸਾਰਾ ਹਿੱਸਾ ਨੁਕਸਾਨਿਆ ਗਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਤੜਕਸਾਰ ਸਵੇਰੇ ਤਕਰੀਬਨ 1.30 ਵਜੇ ਫੋਨ ਕਰ ਕੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੇ ਫਾਇਰ ਫਾਈਟਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਗੰਭੀਰ ਰੂਪ ਨਾਲ ਝੁਲਸੇ 39 ਸਾਲਾ ਵਿਅਕਤੀ ਨੂੰ ਰਾਇਲ ਨੌਰਥ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਤ ਬਣੀ ਹੋਈ ਹੈ।
ਵਿਅਕਤੀ ਦੇ ਪਿਤਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਅੱਗ ਨੇ ਪੂਰੇ ਘਰ ਨੂੰ ਆਪਣੇ ਲਪੇਟ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪੁੱਜੇ ਬਚਾਅ ਕਰਮਚਾਰੀਆਂ ਨੇ ਉਸ ਦੇ ਪੁੱਤਰ ਨੂੰ ਬਚਾਇਆ। ਓਧਰ ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪੁਲਸ ਤਾਇਨਾਤ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।