ਸਿੰਗਾਪੁਰ ''ਚ ਚੀਨੀ ਮੂਲ ਦੇ ਨੌਜਵਾਨ ਨੇ ਭਾਰਤੀ ਔਰਤ ਨਾਲ ਕੀਤੀ ਕੁੱਟਮਾਰ ਤੇ ਬਦਸਲੂਕੀ, ਦੋਸ਼ੀ ਕਰਾਰ

06/14/2023 1:45:53 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਚੀਨੀ ਮੂਲ ਦੇ ਨੌਜਵਾਨ ਨੂੰ ਕੋਵਿਡ-19 ਮਹਾਮਾਰੀ ਦੌਰਾਨ ਦਫ਼ਤਰ ਜਾ ਰਹੀ ਇੱਕ ਭਾਰਤੀ ਔਰਤ ਨੂੰ ਸਹੀ ਤਰੀਕੇ ਨਾਲ ਮਾਸਕ ਨਾ ਪਹਿਣਨ 'ਤੇ ਦੁਰਵਿਵਹਾਰ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਮੰਗਲਵਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 32 ਸਾਲਾ ਵੋਂਗ ਜਿੰਗ ਫੋਂਗ ਨੇ ਮਈ 2021 ਵਿੱਚ ਚੋ ਚੂ ਕਾਂਗ ਵਿੱਚ ਨੌਰਥਵੈਲ ਕੈਂਪਸ ਨੇੜੇ 57 ਸਾਲਾ ਹਿੰਦੋਚਾ ਨੀਤਾ ਵਿਸ਼ਨੂੰਬਾਈ ਨਾਲ ਕੁੱਟਮਾਰ ਕੀਤੀ ਅਤੇ ਅਪਮਾਨਜਨਕ ਸ਼ਬਦ ਕਹੇ ਸਨ। 'ਦਿ ਸਟਰੇਟ ਟਾਈਮਜ਼' ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਵੋਂਗ ਨੂੰ 31 ਜੁਲਾਈ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ।

ਮੁਕੱਦਮੇ ਦੀ ਸੁਣਵਾਈ ਦੌਰਾਨ, ਵਿਸ਼ਨੂੰਬਾਈ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਹ ਚੋ ਚੂ ਕਾਂਗ ਸਟੇਡੀਅਮ ਵੱਲ ਤੇਜ਼ੀ ਨਾਲ ਜਾ ਰਹੀ ਸੀ, ਜਿੱਥੇ ਉਹ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ ਅਤੇ ਇਸ ਦੌਰਾਨ ਉਸਨੇ ਆਪਣਾ ਮਾਸਕ ਆਪਣੇ ਨੱਕ ਤੋਂ ਹੇਠਾਂ ਲਾਇਆ ਹੋਇਆ ਸੀ। ਗਵਾਹੀ ਅਨੁਸਾਰ, ਸਟੇਡੀਅਮ ਦੇ ਰਸਤੇ ਵਿੱਚ ਵੋਂਗ ਅਤੇ ਉਸਦੀ ਮੰਗੇਤਰ ਨੇ ਪਿੱਛਿਓਂ ਵਿਸ਼ਨੂੰਬਾਈ ਨੂੰ ਆਵਾਜ਼ ਦਿੱਤੀ ਅਤੇ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਦੋਵਾਂ ਨੇ ਉਸਨੂੰ ਆਪਣਾ ਮਾਸਕ ਉੱਪਰ ਕਰਨ ਲਈ ਕਿਹਾ। ਸਿੰਗਾਪੁਰ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਤੇਜ਼ੀ ਨਾਲ ਚੱਲਣਾ ਉਨ੍ਹਾਂ ਗਤੀਵਿਧੀਆਂ ਵਿਚ ਸ਼ਾਮਲ ਸੀ, ਜਿਸ ਦੌਰਾਨ ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕਣ ਤੋਂ ਛੋਟ ਮਿਲੀ ਹੋਈ ਸੀ।

ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਵਿਸ਼ਨੂੰਬਾਈ ਨੇ ਵੋਂਗ ਅਤੇ ਉਸ ਦੇ ਮੰਗੇਤਰ ਨੂੰ ਸਮਝਾਇਆ ਕਿ ਉਹ ਬਹੁਤ ਤੇਜ਼ ਚੱਲ ਰਹੀ ਹੈ, ਜਿਸ ਕਾਰਨ ਉਸ ਨੂੰ ਬਹੁਤ ਪਸੀਨਾ ਆ ਰਿਹਾ ਹੈ ਅਤੇ ਉਸ ਦਾ ਸਾਹ ਫੁੱਲ ਰਿਹਾ ਹੈ। ਇਸਤਗਾਸਾ ਪੱਖ ਦੇ ਅਨੁਸਾਰ, “ਵੋਂਗ ਅਤੇ ਉਸਦੀ ਮੰਗੇਤਰ ਨੇ ਵਿਸ਼ਨੂੰਬਾਈ ਨੂੰ ਝਿੜਕਿਆ ਅਤੇ ਉਸਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ। ਝਗੜੇ ਨੂੰ ਸ਼ਾਂਤ ਕਰਨ ਲਈ ਵਿਸ਼ਨੂੰਬਾਈ ਨੇ ਦੋਹਾਂ ਨੂੰ ਕਿਹਾ ਕਿ 'ਭਗਵਾਨ ਤੁਹਾਡਾ ਭਲਾ ਕਰੇ' ਅਤੇ ਅੱਗੇ ਵਧਣ ਲੱਗੀ। ਪਰ ਵੋਂਗ ਨੇ ਗੁੱਸੇ ਨਾਲ ਵਿਸ਼ਨੂੰਬਾਈ ਦੀ ਛਾਤੀ 'ਤੇ ਇਕ ਤੋਂ ਬਾਅਦ ਇਕ ਕਈ ਮੁੱਕੇ ਮਾਰੇ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਈ। ਵੋਂਗ ਫਿਰ ਆਪਣੀ ਮੰਗੇਤਰ ਨਾਲ ਉੱਥੋਂ ਚਲਾ ਗਿਆ।'

ਵਿਸ਼ਨੂੰਬਾਈ ਨੇ ਗਵਾਹੀ ਦਿੱਤੀ ਕਿ ਇਕ ਚਸ਼ਮਦੀਦ ਨੇ ਉਸ ਨੂੰ ਚੁੱਕਿਆ ਅਤੇ ਉਸ ਦੇ ਖੱਬੇ ਗੁੱਟ 'ਤੇ ਜ਼ਖ਼ਮ 'ਤੇ ਪੱਟੀ ਕੀਤੀ। ਵਿਸ਼ਨੂੰਬਾਈ ਨੇ ਉਸੇ ਸ਼ਾਮ ਪੁਲਸ ਕੋਲ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਸੁਣਵਾਈ ਦੌਰਾਨ ਵੋਂਗ ਨੇ ਕਿਹਾ ਕਿ ਵਿਸ਼ਨੂੰਬਾਈ ਦਾ ਲਹਿਜ਼ਾ ਅਪਮਾਨਜਨਕ ਅਤੇ ਵਿਅੰਗਾਤਮਕ ਸੀ। ਉਸ ਨੇ ਦੋਸ਼ ਲਾਇਆ ਕਿ ਵਿਸ਼ਨੂੰਬਾਈ ਨੇ ਉਸ ਨਾਲ ਅਤੇ ਉਸ ਦੀ ਮੰਗੇਤਰ ਨੂੰ ਅਪਮਾਨਜਨਕ ਸ਼ਬਦ ਕਹੇ, ਜਿਸ ਦੇ ਜਵਾਬ ਵਿਚ ਉਸ ਨੇ ਉਸ ਨੂੰ ਧੱਕਾ ਦੇ ਦਿੱਤਾ। ਵੋਂਗ ਨੇ ਮੰਨਿਆ ਕਿ ਉਸਨੇ ਵਿਸ਼ਨੂੰਬਾਈ ਨੂੰ ਅਪਮਾਨਜਨਕ ਸ਼ਬਦ ਕਹੇ, ਪਰ ਕਿਹਾ ਕਿ ਇਹ ਨਸਲੀ ਟਿੱਪਣੀਆਂ ਨਹੀਂ ਸਨ।

cherry

This news is Content Editor cherry