ਮੈਲਬੌਰਨ ''ਚ ਕੂੜੇ ਵਾਲੇ ਟਰੱਕ ''ਚੋਂ ਮਿਲੀ ਸੀ ਵਿਅਕਤੀ ਦੀ ਲਾਸ਼, ਪੁਲਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

06/08/2017 3:28:28 PM

ਮੈਲਬੌਰਨ— ਮੈਲਬੌਰਨ 'ਚ ਬੀਤੀ 27 ਮਈ ਨੂੰ ਇਕ ਕੂੜੇ ਵਾਲੇ ਟਰੱਕ 'ਚੋਂ ਵਿਅਕਤੀ ਦੀ ਲਾਸ਼ ਮਿਲੀ ਸੀ, ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਇਕ ਵਿਅਕਤੀ ਅਤੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ 'ਤੇ ਉਕਤ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼  ਲਾਏ ਹਨ। ਦੱਸਣ ਯੋਗ ਹੈ ਕਿ 44 ਸਾਲਾ ਐਸ਼ਲੇ ਫਿਲੀਪਸ ਦੀ ਲਾਸ਼ ਕੂੜੇ ਵਾਲੇ ਟਰੱਕ 'ਚੋਂ ਬਰਾਮਦ ਕੀਤੀ ਗਈ ਸੀ। ਇਕ ਕੌਂਸਲ ਦੇ ਵਰਕਰ ਨੇ ਐਸ਼ਲੇ ਦੀ ਲਾਸ਼ ਦੀ ਖੋਜ ਕੀਤੀ ਸੀ, ਕਿਉਂਕਿ ਉਹ ਉਸ ਦਿਨ ਯਾਨੀ ਕਿ 27 ਮਈ ਨੂੰ ਸਵੇਰੇ 8 ਵਜੇ ਪ੍ਰਿਸਟਨ ਦੇ ਬਸਟਲਰ ਸਟਰੀਟ 'ਚ ਕੂੜੇਦਾਨ ਨੂੰ ਖਾਲੀ ਕਰਵਾ ਰਿਹਾ ਸੀ। ਇਹ ਕੂੜੇਦਾਨ ਸਟਰੀਟ 'ਚ ਕਿਸੇ ਵੀ ਨਿਵਾਸੀ ਦਾ ਨਹੀਂ ਸੀ। 
ਕੌਂਸਲ ਦੇ ਵਰਕਰ ਨੇ ਟੀ. ਵੀ. ਫੁਟੇਜ ਵਿਚ ਐਸ਼ਲੇ ਦੀ ਲਾਸ਼ ਕੂੜੇ ਵਾਲੇ ਟਰੱਕ 'ਚ ਦੇਖੀ ਅਤੇ ਹੈਰਾਨ ਰਹਿ ਗਿਆ। ਪੁਲਸ ਨੇ ਅਜੇ ਤੱਕ ਉਸ ਦੀ ਲਾਸ਼ ਨੂੰ ਲੈ ਕੇ ਕੋਈ ਵੇਰਵਾ ਨਹੀਂ ਦਿੱਤਾ ਕਿ ਉਸ ਨੂੰ ਕਿਵੇਂ ਮਾਰਿਆ ਗਿਆ। ਐਸ਼ਲੇ ਦੀ ਲਾਸ਼ ਜਦੋਂ ਕੂੜੇ ਵਾਲੇ ਟਰੱਕ 'ਚੋਂ ਮਿਲੀ ਤਾਂ ਉਸ ਨੇ ਸਫੈਦ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਐਸ਼ਲੇ ਦੇ ਇਕ ਦੋਸਤ ਟਰੌਏ ਮੈਗਸ ਨੇ ਕਿਹਾ ਕਿ ਸਭ ਕੁਝ ਤਬਾਹ ਹੋ ਗਿਆ। ਉਹ ਆਪਣੇ ਦੋਸਤ ਨੂੰ ਯਾਦ ਕਰ ਕੇ ਬਹੁਤ ਦੁਖੀ ਹੁੰਦਾ ਹੈ। ਪੁਲਸ ਨੇ ਵੀਰਵਾਰ ਨੂੰ ਐਸ਼ਲੇ ਦੀ ਹੱਤਿਆ ਦੇ ਸੰਬੰਧ 'ਚ 35 ਸਾਲਾ ਵਿਅਕਤੀ ਅਤੇ 26 ਸਾਲਾ ਇਕ ਔਰਤ 'ਤੇ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਨੂੰ ਕੱਲ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ।