9 ਸਾਲ ਦੇ ਫੈਜ਼ਲ ਨੇ ਕੀਤੀ ਬੇਘਰ ਬੱਚੇ ਦੀ ਮਦਦ, ਵੀਡੀਓ ਵਾਇਰਲ

01/24/2019 3:07:58 PM

ਕੁਆਲਾਲੰਪੁਰ (ਬਿਊਰੋ)— ਦੁਨੀਆ ਵਿਚ ਦਰਿਆਦਿਲ ਲੋਕਾਂ ਦੀ ਕੋਈ ਕਮੀ ਨਹੀਂ। ਅੱਜ ਦੇ ਸਮੇਂ ਵਿਚ ਇਹ ਭਾਵਨਾ ਬੱਚਿਆਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਮਲੇਸ਼ੀਆ ਦਾ ਸਾਹਮਣੇ ਆਇਆ ਹੈ। ਇੱਥੇ 9 ਸਾਲ ਦੇ ਮੁੰਡੇ ਦੀ ਦਰਿਆਦਿਲੀ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ। ਉਸ ਨੇ ਸੜਕ 'ਤੇ ਇਕ ਬੇਘਰ ਬੱਚੇ ਨੂੰ ਆਪਣੇ ਬੂਟ ਅਤੇ ਜੁਰਾਬਾਂ ਉਤਾਰ ਕੇ ਦੇ ਦਿੱਤੀਆਂ। ਮਾਮਲਾ ਕੁਆਲਾਲੰਪੁਰ ਦੇ ਬੁਕਿਟ ਬਿੰਟਾਂਗ ਸਟੇਸ਼ਨ ਦਾ ਹੈ। ਸੋਸ਼ਲ ਮੀਡੀਆ ਵਿਚ ਜਦੋਂ ਇਹ ਖਬਰ ਆਈ ਤਾਂ ਲੋਕਾਂ ਨੇ ਦਿਆਲੂ ਬੱਚੇ ਦੀ ਕਾਫੀ ਪ੍ਰਸ਼ੰਸਾ ਕੀਤੀ। 

ਸਕੂਲ ਵਿਚ ਪੜ੍ਹਨ ਵਾਲਾ 9 ਸਾਲ ਦਾ ਸ਼ੇਖ ਫੈਜ਼ਲ ਆਪਣੇ ਪਿਤਾ ਨਾਲ ਕਿਤੇ ਜਾ ਰਿਹਾ ਸੀ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਬੇਘਰ ਲੋਕ ਰਹਿੰਦੇ ਹਨ। ਅਚਾਨਕ ਸ਼ੇਖ ਨੇ ਸੜਕ ਕਿਨਾਰੇ ਇਕ ਬੇਘਰ ਬੱਚੇ ਨੂੰ ਨੰਗੇ ਪੈਰ ਦੇਖਿਆ। ਸ਼ੇਖ ਨੂੰ ਉਸ ਬੱਚੇ 'ਤੇ ਤਰਸ ਆ ਗਿਆ। ਉਹ ਬੱਚਾ ਸ਼ੇਖ ਦੀ ਉਮਰ ਦਾ ਹੀ ਸੀ। ਬੱਚੇ ਦੀ ਅਜਿਹੀ ਹਾਲਤ ਦੇਖ ਸ਼ੇਖ ਉਸ ਲਈ ਕੁਝ ਚੰਗਾ ਕਰਨਾ ਚਾਹੁੰਦਾ ਸੀ। ਲਿਹਾਜਾ ਉਸ ਨੇ ਆਪਣੇ ਬੂਟ ਅਤੇ ਜੁਰਾਬਾਂ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੀਆਂ। ਸੋਫਿਆਨ (ਸ਼ੇਖ ਦਾ ਪਿਤਾ) ਨੇ ਇਸ ਪੂਰੇ ਮਾਮਲੇ ਦਾ ਵੀਡੀਓ ਆਪਣੇ ਮੋਬਾਇਲ ਵਿਚ ਕੈਦ ਕਰ ਲਿਆ। 

ਇਸ ਦੌਰਾਨ ਸ਼ੇਖ ਜ਼ਮੀਨ 'ਤੇ ਬੈਠ ਗਿਆ ਅਤੇ ਉਸ ਨੇ ਆਪਣੇ ਬੂਟ ਅਤੇ ਜੁਰਾਬਾਂ ਉਤਾਰੀਆਂ। ਇਸ ਮਗਰੋਂ ਉਸ ਨੇ ਆਪਣੇ ਹੱਥਾਂ ਨਾਲ ਉਸ ਬੇਘਰ ਬੱਚੇ ਦੇ ਪੈਰਾਂ ਵਿਚ ਜੁਰਾਬਾਂ ਅਤੇ ਬੂਟ ਪਹਿਨਾਏ। ਉਸ ਨੇ ਬੂਟ ਦੇ ਫੀਤੇ ਵੀ ਖੁਦ ਹੀ ਬੰਨ੍ਹੇ। ਇਸ ਮਗਰੋਂ ਦੋਵੇਂ ਖੇਡਣ ਲੱਗ ਪਏ।

ਸ਼ੇਖ ਦੀ ਦਰਿਆਦਿਲੀ ਨੂੰ ਦੇਖ ਟ੍ਰੈਵਲ ਏਜੰਟ ਪਿਤਾ ਸੋਫਿਆਨ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਬੇਟੇ ਨੇ ਇਕ ਬੱਚੇ ਨੂੰ ਨੰਗੇ ਪੈਰ ਦੇਖਿਆ ਅਤੇ ਖੁਦ ਹੀ ਉਸ ਦੀ ਮਦਦ ਕਰਨ ਦਾ ਫੈਸਲਾ ਲਿਆ। ਉਸ ਨੇ ਉੱਥੇ ਮੌਜੂਦ ਹਰ ਬੇਘਰ ਵਿਅਕਤੀ ਨੂੰ ਪਿਆਰ ਕੀਤਾ। ਇਸ ਦੇ ਬਾਅਦ ਸ਼ੇਖ ਨੰਗੇ ਪੈਰ ਘਰ ਗਿਆ।

ਸੋਫਿਆਨ ਨੇ ਕਿਹਾ ਕਿ ਉਮੀਦ ਹੈ ਕਿ ਦੁਨੀਆ ਵਿਚ ਹਰ ਕੋਈ ਇਸ ਸਕਰਾਤਮਕ ਸੰਦੇਸ਼ ਨੂੰ ਦੇਖੇਗਾ। ਅਸੀਂ ਮਿਲ ਕੇ ਹਰ ਲੋੜਵੰਦ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ। ਇੱਥੇ ਕਈ ਬੇਘਰ ਲੋਕ ਹਨ ਪਰ ਜੇਕਰ ਹਰ ਕੋਈ ਵੱਡਾ ਦਿਲ ਕਰ ਕੇ ਛੋਟੀ ਜਿਹੀ ਵੀ ਪਹਿਲ ਕਰੇ ਤਾਂ ਅਸੀਂ ਉਨ੍ਹਾਂ ਬੇਘਰ ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ ਕਰ ਸਕਦੇ ਹਾਂ।

Vandana

This news is Content Editor Vandana