ਇਜ਼ਰਾਇਲੀ ਕੰਪਨੀ ਨੇ ਸ਼ਰਾਬ ਦੀਆਂ ਬੋਤਲਾਂ ''ਤੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਲੈ ਕੇ ਮੰਗੀ ਮੁਆਫੀ

07/03/2019 6:19:31 PM

ਯੇਰੂਸ਼ਲਮ— ਸ਼ਰਾਬ ਦੀਆਂ ਬੋਤਲਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਲਗਾ ਕੇ ਵਿਵਾਦ 'ਚ ਘਿਰੀ ਇਕ ਇਜ਼ਰਾਇਲੀ ਕੰਪਨੀ ਨੇ ਭਾਰਤ ਸਰਕਾਰ ਤੇ ਉਸ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮੁਆਫੀ ਮੰਗੀ ਹੈ। ਇਜ਼ਰਾਇਲੀ ਕੰਪਨੀ ਵਲੋਂ ਸ਼ਰਾਬ ਦੀਆਂ ਬੋਤਲਾਂ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲਗਾਏ ਜਾਣ 'ਤੇ ਨਵੀਂ ਦਿੱਲੀ 'ਚ ਰਾਜਸਭਾ ਮੈਂਬਰਾਂ ਨੇ ਮੰਗਲਵਾਰ ਨੂੰ ਚਿੰਤਾ ਪ੍ਰਗਟ ਕੀਤੀ ਸੀ। ਇਸ 'ਤੇ ਉਪਰੀ ਸਦਨ ਦੇ ਸਪੀਕਰ ਐੱਮ. ਵੇਂਕੈਯਾ ਨਾਇਡੂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਵਿਸ਼ੇ ਦੀ ਜਾਂਚ ਕਰਨ ਤੇ ਫੌਰਨ ਢੁਕਵੀਂ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ।

ਮਾਕਾ ਬ੍ਰੇਵਰੀ ਕੰਪਨੀ ਦੇ ਬ੍ਰਾਂਡ ਮੈਨੇਜਰ ਗਿਲਾਡ ਡ੍ਰੋਰ ਨੇ ਇਕ ਬਿਆਨ 'ਚ ਕਿਹਾ ਕਿ ਮਾਕਾ ਬੀਅਰ ਭਾਰਤ ਸਰਕਾਰ ਤੇ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਦਿਲੋਂ ਮੁਆਫੀ ਮੰਗਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦਾ ਬਹੁਤ ਸਨਮਾਨ ਕਰਦੇ ਹਾਂ ਤੇ ਆਪਣੀਆਂ ਬੋਤਲਾਂ 'ਤੇ ਉਨ੍ਹਾਂ ਦੀਆਂ ਤਸਵੀਰਾਂ ਲਾਉਣ ਨੂੰ ਲੈ ਕੇ ਅਫਸੋਸ ਵਿਅਕਤ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਇਲ 'ਚ ਭਾਰਤੀ ਦੂਤਘਰ ਵਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਬੋਤਲਾਂ ਦਾ ਉਤਪਾਦਨ ਤੇ ਸਪਲਾਈ ਬੰਦ ਕਰ ਦਿੱਤੀ ਗਈ ਹੈ। ਹੁਣ ਬਾਜ਼ਾਰ 'ਚੋਂ ਬੋਤਲਾਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡ੍ਰੋਰ ਨੇ ਭਾਰਤੀ ਦੂਤਘਰ ਨੂੰ ਵਾਅਦਾ ਕੀਤਾ ਕਿ ਉਹ ਭਵਿੱਖ 'ਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖੇਗੀ। ਸ਼ਰਾਬ ਦੀਆਂ ਇਹ ਬੋਤਲਾਂ ਇਜ਼ਰਾਇਲ ਦੇ 71ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਦੇ ਲਈ ਤਿਆਰ ਕੀਤੀਆਂ ਗਈਆਂ ਸਨ।


Baljit Singh

Content Editor

Related News