ਬ੍ਰਿਟੇਨ 'ਚ ਲਗਾਈ ਗਈ ਮਹਾਰਾਜਾ ਦਲੀਪ ਸਿੰਘ ਦੇ ਕੱਪੜਿਆਂ ਤੇ ਤਸਵੀਰਾਂ ਦੀ ਪ੍ਰਦਰਸ਼ਨੀ

05/25/2019 12:50:44 PM

ਲੰਡਨ— ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਦੇ ਕੱਪੜਿਆਂ ਅਤੇ ਜੁੱਤੀ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ। ਕੇਨਸਿੰਗਟਨ ਪੈਲਸ 'ਚ ਸ਼ੁੱਕਰਵਾਰ ਨੂੰ ਇਹ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਨਾਂ 'ਵਿਕਟੋਰੀਆ : ਵੁਮੈਨ ਐਂਡ ਕ੍ਰਾਊਨ' ਰੱਖਿਆ ਗਿਆ। ਰਾਣੀ ਵਿਕਟੋਰੀਆ (1819-1901) ਦੇ 200ਵੇਂ ਜਨਮ ਦਿਨ ਦੀ ਯਾਦ 'ਚ ਇਹ ਪ੍ਰਦਰਸ਼ਨੀ ਲਗਾਈ ਗਈ। ਉਨ੍ਹਾਂ ਦਾ ਜਨਮ 24 ਮਈ, 1819 'ਚ ਹੋਇਆ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਦੇ ਪੁੱਤਰ ਦਲੀਪ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਦੂਜੇ ਸਿੱਖ ਯੁੱਧ 'ਚ ਸ਼ਾਮਲ ਸਿੱਖਾਂ ਦੀ ਹਾਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਨਾਲ ਸੰਧੀ ਕਰਨੀ ਪਈ। ਬ੍ਰਿਟਿਸ਼ ਅਧਿਕਾਰੀਆਂ ਨੇ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਕੇ ਪੰਜਾਬ ਨੂੰ ਬ੍ਰਿਟਿਸ਼ ਰਾਜ 'ਚ ਮਿਲਾ ਲਿਆ। ਦਲੀਪ ਸਿੰਘ ਨੂੰ 5 ਲੱਖ ਸਲਾਨਾ ਪੈਂਸ਼ਨ ਦੇਣ ਦੀ ਸੰਧੀ ਕੀਤੀ ਗਈ ਤੇ ਉਨ੍ਹਾਂ ਨੂੰ ਆਪਣੀ ਮਾਂ ਕੋਲ ਇੰਗਲੈਂਡ ਭੇਜ ਦਿੱਤਾ ਗਿਆ ਸੀ। ਇੰਗਲੈਂਡ ਦੇ ਬਕਿੰਘਮ ਪੈਲਸ 'ਚ ਉਨ੍ਹਾਂ ਦੀ ਮੁਲਾਕਾਤ ਕੁਈਨ ਵਿਕਟੋਰੀਆ ਨਾਲ ਹੋਈ ਸੀ। ਇਸ ਮਗਰੋਂ ਇਕ ਪੱਤ੍ਰਿਕਾ 'ਚ ਉਨ੍ਹਾਂ ਨੇ ਦਲੀਪ ਸਿੰਘ ਦੀ ਸਿਫਤ ਕਰਦਿਆਂ ਦੱਸਿਆ ਸੀ ਕਿ ਉਹ ਬਹੁਤ ਸਲੀਕੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਹ ਹੀਰਿਆਂ ਤੇ ਸੁੰਦਰ ਕੱਪੜਿਆਂ ਨਾਲ ਸੱਜ ਕੇ ਆਏ ਸਨ। ਦਲੀਪ ਸਿੰਘ ਦੀ ਧੀ ਸੋਫੀਆ ਲਈ ਕੁਈਨ ਵਿਕਟੋਰੀਆ ਨੇ ਗੌਡ ਮਦਰ ਵਾਲੀ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਕੁਈਨ ਵਿਕਟੋਰੀਆ ਦੇ ਜਨਮ ਦਿਨ ਦੀ ਯਾਦ 'ਚ ਕਈ ਖਾਸ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ 'ਚ ਮਹਾਰਾਜਾ ਦਲੀਪ ਸਿੰਘ ਦੀਆਂ ਤਸਵੀਰਾਂ ਅਤੇ ਉਨ੍ਹਾਂ ਵਲੋਂ ਪਹਿਨੇ ਜਾਣ ਵਾਲੇ ਕੱਪੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।