ਮੈਨੂੰ ਮਾਰਨ ਲਈ ਖਰਚੇ ਗਏ ਦੋ ਕਰੋੜ ਡਾਲਰ : ਮਾਦੁਰੋ

06/19/2019 2:50:38 PM

ਬਿਊਨਸ ਆਇਰਸ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਬੁੱਧਵਾਰ ਨੂੰ ਕਿਹਾ ਕਿ ਅਗਸਤ 2018 'ਚ ਉਨ੍ਹਾਂ ਦੇ ਕਤਲ ਦੀ ਸਾਜਸ਼ ਰਚਣ ਵਾਲਿਆਂ ਨੇ ਦੋ ਕਰੋੜ ਡਾਲਰ ਦੀ ਰਕਮ ਖਰਚ ਕੀਤੀ ਸੀ। ਮਾਦੁਰੋ ਨੇ ਦੇਸ਼ ਦੇ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੇ ਸਨਮਾਨ ਸਮਾਰੋਹ ਦੌਰਾਨ ਕਿਹਾ,''ਮੇਰੇ ਕਤਲ ਦੀ ਕੋਸ਼ਿਸ਼ 4 ਅਗਸਤ ਨੂੰ ਕੀਤੀ ਗਈ ਸੀ ਅਤੇ ਇਸ ਦੀ ਸਾਜਸ਼ ਰਚਣ ਲਈ ਦੋ ਕਰੋੜ ਡਾਲਰ ਖਰਚ ਕੀਤੇ ਗਏ ਸਨ।'' 
 

ਇਸ ਦੌਰਾਨ ਰਾਸ਼ਟਰਪਤੀ ਨੇ ਆਪਣੀ ਜਾਨ ਬਚਾਉਣ 'ਚ ਹਿੰਮਤ ਦਿਖਾਉਣ ਲਈ ਅਧਿਕਾਰੀਆਂ ਨੂੰ ਧੰਨਵਾਦ ਕੀਤਾ। ਵੈਨਜ਼ੁਏਲਾ ਦੀ ਸਰਕਾਰ ਮੁਤਾਬਕ ਮਾਦੁਰੋ ਪਿਛਲੇ ਸਾਲ ਅਗਸਤ 'ਚ ਜਦ ਰਾਜਧਾਨੀ ਕਰਾਕਸ 'ਚ ਇਕ ਫੌਜੀ ਪਰੇਡ 'ਚ ਸ਼ਿਰਕਤ ਕਰ ਰਹੇ ਸਨ, ਤਦ ਦੋ ਡਰੋਨ ਜਹਾਜ਼ਾਂ ਨੇ ਉਨ੍ਹਾਂ ਦੇ ਬਾਕਸ 'ਤੇ ਬੰਬ ਸੁੱਟੇ। ਹਮਲੇ 'ਚ ਮਾਦੁਰੋ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਪਰ ਕਈ ਫੌਜੀ ਜ਼ਖਮੀ ਹੋ ਗਏ। ਮਾਦੁਰੋ ਨੇ ਅਕਤੂਬਰ 'ਚ ਦਾਅਵਾ ਕੀਤਾ ਕਿ ਅਮਰੀਕਾ ਨੇ ਕੋਲੰਬੀਆ ਨੂੰ ਉਨ੍ਹਾਂ ਦੇ ਕਤਲ ਦੀ ਸਾਜਸ਼ ਰਚਣ ਦਾ ਹੁਕਮ ਦਿੱਤਾ ਸੀ।