ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਮਾਵੀਆ ਨੇ ਦੱਸੀ ਮੰਜ਼ਲ ਤੱਕ ਪਹੁੰਚਣ ਦੀ ਕਹਾਣੀ

Monday, Mar 26, 2018 - 03:33 PM (IST)

ਲਾਹੌਰ— ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਸਖਤ ਮਿਹਨਤ ਅਤੇ ਜਨੂੰਨ ਹੋਣਾ ਚਾਹੀਦਾ ਹੈ। ਬਿਨਾਂ ਮਿਹਨਤ ਕੀਤੇ ਕੁਝ ਵੀ ਹੱਥ ਨਹੀਂ ਲੱਗਦਾ। ਮੰਜ਼ਲਾਂ ਉਨ੍ਹਾਂ ਨੂੰ ਹੀ ਹਾਸਲ ਹੁੰਦੀਆਂ ਨੇ, ਜੋ ਕੁਝ ਕਰਨ ਦਾ ਹੌਂਸਲਾ ਰੱਖਦੇ ਹਨ। ਕੁਝ ਅਜਿਹੀ ਹੀ ਮਿਸਾਲ ਬਣੀ ਮਾਵੀਆ ਮਲਿਕ, ਜਿਸ ਨੇ ਆਪਣੇ ਦ੍ਰਿੜ ਸੰਕਲਪ ਸਦਕਾ ਮੰਜ਼ਲ ਨੂੰ ਪ੍ਰਾਪਤ ਕੀਤਾ ਹੈ। ਮਾਵੀਆ ਦੀ ਪਛਾਣ ਤੋਂ ਕੁਝ ਹੀ ਲੋਕ ਵਾਕਿਫ ਹੋਣਗੇ। ਜੀ ਹਾਂ, ਮਾਵੀਆ ਪਾਕਿਸਤਾਨ 'ਚ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣੀ ਹੈ। ਪਾਕਿਸਤਾਨ ਦੇ ਇਕ ਸਥਾਨਕ ਟੀ. ਵੀ. ਚੈਨਲ ਨੇ ਆਪਣੇ ਐਂਕਰਾਂ ਦੀ ਟੀਮ 'ਚ ਟਰਾਂਸਜੈਂਡਰ ਮਾਵੀਆ ਮਲਿਕ ਨੂੰ ਥਾਂ ਦਿੱਤੀ ਹੈ। ਪਾਕਿਸਤਾਨ ਵਿਚ ਸੋਸ਼ਲ ਮੀਡੀਆ 'ਤੇ ਨਿਊਜ਼ ਚੈਨਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 

PunjabKesari
ਆਓ ਜਾਣਦੇ ਹਾਂ ਕਿਸ ਤਰ੍ਹਾਂ ਰਿਹਾ ਮਾਵੀਆ ਦਾ ਐਂਕਰ ਬਣਨ ਦਾ ਸਫਰ—
ਮਾਵੀਆ ਮਲਿਕ ਲਾਹੌਰ ਦੀ ਰਹਿਣ ਵਾਲੀ ਹੈ। ਉਸ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ ਅਤੇ ਅੱਗੇ ਉਹ ਪੋਸਟ-ਗ੍ਰੈਜੂਏਸ਼ਨ ਕਰਨਾ ਚਾਹੁੰਦੀ ਹੈ। ਮਾਵੀਆ ਦੱਸਦੀ ਹੈ ਕਿ ਮੇਰੇ ਲਈ ਐਂਕਰ ਬਣਨਾ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਉਹ ਦੱਸਦੀ ਹੈ ਕਿ ਜਦੋਂ ਮੈਂ ਚੈਨਲ 'ਚ ਇੰਟਰਵਿਊ ਦੇਣ ਗਈ ਤਾਂ ਉੱਥੇ ਬਹੁਤ ਸਾਰੇ ਕੁੜੀਆਂ-ਮੁੰਡੇ ਆਏ ਸਨ, ਉਨ੍ਹਾਂ 'ਚ ਮੈਂ ਵੀ ਸ਼ਾਮਲ ਸੀ। ਜਦੋਂ ਮੇਰਾ ਨੰਬਰ ਆਇਆ ਤਾਂ ਉਨ੍ਹਾਂ ਨੇ ਮੈਨੂੰ ਬਾਹਰ ਉਡੀਕ ਕਰਨ ਲਈ ਕਿਹਾ। ਇਸ ਤੋਂ ਬਾਅਦ ਜਦੋਂ ਸਾਰੇ ਲੋਕਾਂ ਦੇ ਇੰਟਰਵਿਊ ਪੂਰੇ ਹੋ ਗਏ ਤਾਂ ਉਨ੍ਹਾਂ ਨੇ ਮੈਨੂੰ ਇਕ ਵਾਰ ਫਿਰ ਅੰਦਰ ਬੁਲਾਇਆ ਅਤੇ ਕਿਹਾ ਕਿ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਅਤੇ ਨਿਊਜ਼ ਚੈਨਲ 'ਚ ਤੁਹਾਡਾ ਸਵਾਗਤ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਅਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮਾਵੀਆ ਦੱਸਦੀ ਹੈ ਕਿ ਮੇਰੀਆਂ ਅੱਖਾਂ 'ਚ ਹੰਝੂ ਇਸ ਲਈ ਆਏ ਕਿਉਂਕਿ ਮੈਂ ਜੋ ਸੁਪਨਾ ਦੇਖਿਆ ਸੀ, ਮੈਂ ਉਸ ਦੀ ਪਹਿਲੀ ਪੌੜੀ ਚੜ੍ਹ ਚੁੱਕੀ ਸੀ। 
ਭਾਈਚਾਰੇ ਲਈ ਕਰਨਾ ਚਾਹੁੰਦੀ ਹੈ ਕੰਮ—
ਮਾਵੀਆ ਦਾ ਕਹਿਣਾ ਹੈ ਕਿ ਉਹ ਆਪਣੇ ਭਾਈਚਾਰੇ ਲਈ ਕੁਝ ਕਰਨਾ ਚਾਹੁੰਦੀ ਹੈ, ਜਿਸ ਨਾਲ ਉਨ੍ਹਾਂ ਦੇ ਹਾਲਾਤ ਬਿਹਤਰ ਹੋਣ। ਸਾਡੇ ਭਾਈਚਾਰੇ ਨੂੰ ਮਰਦ-ਔਰਤ ਦੇ ਬਰਾਬਰ ਹੱਕ ਮਿਲਣ ਅਤੇ ਅਸੀਂ ਇਕ ਆਮ ਨਾਗਰਿਕ ਕਹਾਈਏ, ਨਾ ਕਿ ਥਰਡ ਜੈਂਡਰ।

PunjabKesari

ਮਾਵੀਆ ਅੱਗੇ ਦੱਸਦੀ ਹੈ ਕਿ ਮੈਂ ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਮਾਡਲ ਵੀ ਹਾਂ ਅਤੇ ਲਾਹੌਰ ਫੈਸ਼ਨ ਸ਼ੋਅ ਵਿਚ ਹਿੱਸਾ ਲੈ ਚੁੱਕੀ ਹਾਂ।


Related News