ਗਲਾਸਗੋ ਦੇ ਲੌਰਡ ਪ੍ਰੋਵੋਸਟ ਨੇ ਸਿੱਖ ਭਾਈਚਾਰੇ ਦੇ ਕੰਮਾਂ ਦੀ ਕੀਤੀ ਸ਼ਲਾਘਾ

05/17/2021 3:34:43 PM

ਗਲਾਸਗੋ (ਮਨਦੀਪ ਖੁਰਮੀ  ਹਿੰਮਤਪੁਰਾ)-ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ’ਚ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਨੂੰ ਦੂਜੇ ਭਾਈਚਾਰਿਆਂ ਵੱਲੋਂ ਮਾਣ ਮਿਲਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਕੋਰੋਨਾ ਸੰਕਟ ਦੌਰਾਨ ਸਿੱਖ ਭਾਈਚਾਰੇ ਵੱਲੋਂ ਤਾਲਾਬੰਦੀ ਹੰਢਾ ਰਹੇ ਲੋਕਾਂ ਤੱਕ ਤਿਆਰ ਕੀਤਾ ਭੋਜਨ ਅਤੇ ਰਸਦਾਂ ਪਹੁੰਚਾਉਣ ਤੱਕ ਦੇ ਕਾਰਜ ਲਗਾਤਾਰ ਕੀਤੇ ਜਾਂਦੇ ਰਹੇ। ਇਨ੍ਹਾਂ ਕਾਰਜਾਂ ਦੀ ਸਲਾਹੁਤਾ ਸਰਕਾਰੇ ਦਰਬਾਰੇ ਹੀ ਨਹੀਂ ਸਗੋਂ ਹੋਰਨਾਂ ਭਾਈਚਾਰਿਆਂ ਦੇ ਆਮ ਲੋਕ ਵੀ ਕਰਦੇ ਵੇਖੇ ਜਾ ਸਕਦੇ ਹਨ। ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਵੱਲੋਂ ਗਲਾਸਗੋ ਕੌਂਸਲ ਵੱਲੋਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਪਹੁੰਚ ਕੇ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ।

ਉਨ੍ਹਾਂ ਦੇ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਵੱਲੋਂ ਭੁਪਿੰਦਰ ਸਿੰਘ ਬਰ੍ਹਮੀ, ਜਸਵਿੰਦਰ ਸਿੰਘ ਜੱਸੀ ਬਮਰਾਹ, ਸੋਹਨ ਸਿੰਘ ਸੋਂਦ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀਆ ਮਹਿਣਾ ਆਦਿ ਨੇ ਜੀ ਆਇਆਂ ਨੂੰ ਕਿਹਾ। ਲਾਰਡ ਪ੍ਰੋਵੋਸਟ ਨੇ ਕਿਹਾ ਕਿ ਸਕਾਟਲੈਂਡ ’ਚ ਸਿੱਖ ਭਾਈਚਾਰੇ ਵੱਲੋਂ ਬਹੁਤ ਹੀ ਜ਼ਿੰਮੇਵਾਰੀ ਨਾਲ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਅੱਗੇ ਧੰਨਵਾਦ ਸ਼ਬਦ ਵੀ ਛੋਟਾ ਹੈ। ਇਸ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਲਾਰਡ ਪ੍ਰੋਵੋਸਟ ਫਲਿਪ ਬਰਾਟ ਅਤੇ ਰਾਜ ਬਾਜਵੇ (MBE) ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰੂ ਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਤੇ ਤੇਜਵੰਤ  ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Manoj

This news is Content Editor Manoj