ਭਗਵਾਨ ਗਣੇਸ਼ ਦੇ ਅਪਮਾਨ ਵਿਰੁੱਧ ਆਸਟ੍ਰੇਲੀਆਈ ਹਿੰਦੂਆਂ ਦਾ ਵਿਰੋਧ ਪ੍ਰਦਰਸ਼ਨ

09/25/2017 3:21:24 PM

ਮੈਲਬੌਰਨ(ਭਾਸ਼ਾ)— ਮਾਸਾਹਾਰੀ ਵਿਅੰਜਨ (ਮੇਮਣੇ ਦੇ ਮਾਸ) ਦੇ ਇਸ਼ਤਿਹਾਰ ਵਿਚ ਭਗਵਾਨ ਗਣੇਸ਼ ਨੂੰ ਦਿਖਾਉਣ ਉੱਤੇ ਇਤਰਾਜ਼ ਜਤਾਉਂਦੇ ਹੋਏ ਅਤੇ ਇਸ ਨੂੰ ਹਿੰਦੂ ਧਰਮ ਦਾ ''ਅਪਮਾਨ'' ਦੱਸਦੇ ਹੋਏ ਆਸਟਰੇਲੀਆ ਵਿਚ ਹਿੰਦੂ ਸਮੂਹਾਂ ਨੇ ਇਸ ਵਿਵਾਦਿਤ ਇਸ਼ਤਿਹਾਰ ਵਿਰੁੱਧ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਇਸ ਇਸ਼ਤਿਹਾਰ ਵਿਚ ਹੋਰ ਧਰਮਾਂ ਦੇ ਦੇਵਤੇ ਅਤੇ ਪੈਗੰਬਰ ਵੀ ਦਿਖਾਏ ਗਏ ਹਨ । ਮੀਟ ਐਂਡ ਲਾਈਵਸਟਾਕ ਆਸਟਰੇਲੀਆ (ਐਮ. ਐਲ. ਏ.) ਨੇ ਇਹ ਇਸ਼ਤਿਹਾਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਾਰੀ ਕੀਤਾ ਸੀ । ਇਸ ਵਿਰੁੱਧ ਹਿੰਦੂ ਸਮੂਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਨੂੰ ਆਸਟਰੇਲੀਆ ਦੀ ਇਸ਼ਤਿਹਾਰ ਨਿਗਰਾਨੀ ਸੰਸਥਾ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਈਚਾਰੇ ਦੇ ਮੈਬਰਾਂ ਨੇ ਐਤਵਾਰ ਨੂੰ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਸਮੇਤ ਆਸਟਰੇਲੀਆ ਦੇ ਕਈ ਸ਼ਹਿਰਾਂ ਵਿਚ ਇਸ ਇਸ਼ਤਿਹਾਰ ਵਿਰੁੱਧ ਰੈਲੀਆਂ ਆਯੋਜਿਤ ਕੀਤੀਆਂ। ਓਵਰਸੀਜ ਫਰੈਂਡਸ ਆਫ ਬੀਜੇਪੀ (ਆਸਟਰੇਲੀਆ) ਦੇ ਕੁਸ਼ਾਗਰ ਭਟਨਾਗਰ ਨੇ ਕਿਹਾ ਕਿ ਇਹ ਪ੍ਰਦਰਸ਼ਨ ਭਗਵਾਨ ਗਣੇਸ਼ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੀਤੇ ਗਏ। ਉਨ੍ਹਾਂ ਕਿਹਾ,''ਭਗਵਾਨ ਗਣੇਸ਼ ਸ਼ਾਕਾਹਾਰੀ ਹਨ ਅਤੇ ਉਨ੍ਹਾਂ ਨੂੰ ਮੇਮਣੇ ਦੇ ਮਾਸ ਦਾ ਨਹੀਂ ਸਗੋਂ ਲੱਡੂਆਂ ਦਾ ਭੋਗ ਲਗਾਇਆ ਜਾਂਦਾ ਹੈ।'' ਮੈਲਬੌਰਨ ਵਿਚ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫੈਡਰੇਸ਼ਨ ਸਕਵੇਅਰ ਵਿਚ ਲੋਕਾਂ ਨੂੰ ਲੱਡੂ ਖੁਆਏ। ਸਿਡਨੀ ਵਿਚ ਲੋਕਾਂ ਨੇ ਆਪਣੀ ਨਰਾਜ਼ਗੀ ਜਤਾਉਂਦੇ ਹੋਏ ਮਨੁੱਖੀ ਚੇਨ ਬਣਾਈ। ਉਨ੍ਹਾਂ ਕੋਲ ਤਖਤੀਆਂ ਸਨ ਜਿਨ੍ਹਾਂ ਉੱਤੇ ਲਿਖਿਆ ਸੀ ''ਹਿੰਦੂ ਭਗਵਾਨਾਂ ਦਾ ਅਪਮਾਨ ਬੰਦ ਕਰੋ''। ਪ੍ਰਦਰਸ਼ਨ ਹਿੰਦੂ ਕੌਂਸਲ ਆਫ ਆਸਟਰੇਲੀਆ ਅਤੇ ਹੋਰ ਹਿੰਦੂ ਸੰਗਠਨਾਂ ਨੇ ਕੀਤੇ। ਇੰਡੀਅਨ ਫੋਰਮ ਆਸਟਰੇਲੀਆ ਦੇ ਪ੍ਰਧਾਨ ਨਿਹਾਲ ਆਗਰ ਨੇ ਕਿਹਾ ਕਿ ਇਸ਼ਤਿਹਾਰ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਹ ਪ੍ਰਦਰਸ਼ਨ ਐਮ. ਐਲ. ਏ. ਨੂੰ ਨਿਰਾਸ਼ਾ ਅਤੇ ਗੁੱਸਾ ਦਿਖਾਉਣ ਲਈ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਆਸਟਰੇਲੀਆ ਸਰਕਾਰ ਕੋਲ ਸ਼ਿਕਾਇਤ ਕੀਤੀ ਸੀ ਅਤੇ ਇਸ਼ਤਿਹਾਰ ਨੂੰ ਹਟਾਉਣ ਦੀ ਮੰਗ ਰੱਖੀ ਸੀ ਪਰ ਆਸਟਰੇਲੀਆ ਦੇ ਐਡਵਰਟਾਇਜ਼ਿੰਗ ਸਟੈਂਡਡਰਸ ਬਿਊਰੋ (ਏ. ਏ. ਐਸ. ਬੀ) ਨੇ ਕਿਹਾ ਕਿ ਚਾਹੇ ਵੱਡੀ ਗਿਣਤੀ ਵਿਚ ਹਿੰਦੂ ਸ਼ਾਕਾਹਾਰੀ ਹਨ ਪਰ ਧਰਮ ਵਿਚ ਵਿਸ਼ਵਾਸ ਰੱਖਣ ਲਈ ਸ਼ਾਕਾਹਾਰੀ ਹੋਣਾ ਜ਼ਰੂਰੀ ਨਹੀਂ ਹੈ। ਇਸ ਵਿਚ ਕਿਹਾ ਗਿਆ ਕਿ ਭਗਵਾਨ ਗਣੇਸ਼ ਨੂੰ ਇਸ ਵਿਚ ਹਿੰਦੂ ਧਰਮ ਦੇ ਪ੍ਰਤੀਕ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ।