ਆਸਟਰੇਲੀਆ ''ਚ ਮਿਲਿਆ ਕੈਨੇਡਾ ਦੀ ਚੱਟਾਨ ਦਾ ਹਿੱਸਾ

01/30/2018 1:29:59 PM

ਕੁਈਨਜ਼ਲੈਂਡ/ਓਟਾਵਾ— ਆਸਟਰੇਲੀਆ 'ਚ 1.7 ਬਿਲੀਅਨ ਸਾਲ ਪਹਿਲਾਂ ਕੈਨੇਡਾ ਦੀਆਂ ਚੱਟਾਨਾਂ ਦਾ ਇਕ ਹਿੱਸਾ ਆਸਟਰੇਲੀਆ ਆ ਗਿਆ ਸੀ, ਜਿਸ ਬਾਰੇ ਹੁਣ ਜਾਣਕਾਰੀ ਮਿਲੀ ਹੈ। ਭੂ ਵਿਗਿਆਨੀਆਂ ਦਾ ਦਾਅਵਾ ਹੈ ਕਿ ਪ੍ਰਾਚੀਨ ਸੈਡੀਮੈਂਟਰੀ ਚੱਟਾਨ ਦਾ ਹਿੱਸਾ ਕੁਈਨਜ਼ਲੈਂਡ ਦੇ ਜੌਰਜਟਾਊਨ 'ਚ ਹੈ ਅਤੇ ਇਸ ਦੀ ਸ਼ੁਰੂਆਤੀ ਜਾਂਚ ਤੋਂ ਇਸ ਦੇ ਬਣਨ ਦਾ ਪਤਾ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਜੌਰਜਟਾਊਨ ਦੀ ਚੱਟਾਨ ਕੈਨੇਡਾ 'ਚੋਂ ਟੁੱਟ ਕੇ ਆਈ ਹੈ। ਉਂਝ ਇਸ 'ਤੇ ਜਾਂਚ ਚੱਲ ਰਹੀ ਹੈ ਅਤੇ ਵਿਗਿਆਨੀਆਂ ਨੂੰ ਯਕੀਨ ਹੈ ਕਿ ਉਨ੍ਹਾਂ ਦਾ ਵਿਚਾਰ ਸੱਚ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਇਹ ਚੱਟਾਨਾਂ ਉੱਤਰੀ ਅਮਰੀਕਾ 'ਚ ਪਾਈਆਂ ਜਾਂਦੀਆਂ ਸਨ। 


ਦੱਖਣੀ-ਪੱਛਮੀ ਆਸਟਰੇਲੀਆ 'ਚ ਕਰਟਿਨ ਯੂਨੀਵਰਸਿਟੀ ਦੇ ਅਧਿਐਨਕਰਤਾ ਨੋਰਡਸਵਾਨ ਨੇ ਦੱਸਿਆ ਕਿ ਇਸ ਸੰਬੰਧੀ ਵਿਚਾਰ-ਵਟਾਂਦਰਾ ਹੋ ਰਿਹਾ ਹੈ ਕਿ ਉੱਤਰੀ-ਪੂਰਬੀ ਆਸਟਰੇਲੀਆ ਅਤੇ ਉੱਤਰੀ ਅਮਰੀਕਾ ਜਾਂ ਸਾਈਬੇਰੀਆ ਉਸ ਸਮੇਂ ਸੰਬੰਧਤ ਸਨ ਜਦ 'ਨੂਨਾ' (ਸੁਪਰ ਕਾਂਟੀਨੈਂਟ) ਬਣਿਆ ਸੀ। ਇਸ ਸੰਬੰਧੀ ਜਾਣਕਾਰੀ ਜਨਵਰੀ ਮਹੀਨੇ 'ਚ ਛਪੇ ਇਕ ਰਸਾਲੇ 'ਚ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਨੂਨਾ 1.6 ਬਿਲੀਅਨ ਸਾਲ ਪਹਿਲਾਂ ਬਣਿਆ ਸੀ।