ਸਾਵਧਾਨ! ਹੁਣ ਕੋਰੋਨਾ ਜਵਾਨ, ਸਿਹਤਮੰਦ ਤੇ ਫਿੱਟ ਲੋਕਾਂ ਨੂੰ ਬਣਾ ਰਿਹੈ ਸ਼ਿਕਾਰ

03/31/2020 6:57:31 PM

ਲੰਡਨ(ਬਿਊਰੋ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਕਰ ਦਿੱਤਾ ਹੈ। ਇਸ ਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 3100 ਤੋਂ ਵਧੇਰੇ ਅਤੇ ਬ੍ਰਿਟੇਨ ਵਿਚ 1400 ਤੋਂ ਵਧੇਰੇ ਲੋਕਾਂ ਦੀਆਂ ਮੌਤ ਹੋ ਚੁੱਕੀ ਹੈ। ਇਟਲੀ ਵਿਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਸਪੇਨ ਵੀ ਵਾਇਰਸ ਦੇ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮ੍ਰਿਤਕਾਂ ਦੇ ਵੱਧਦੇ ਅੰਕੜਿਆਂ ਦੇ ਵਿਚ ਇਕ ਗੱਲ ਸਾਹਮਣੇ ਆਈ ਹੈਕਿ ਕੋਰੋਨਾ ਨਾਲ ਕਈ ਜਵਾਨ, ਸਿਹਤਮੰਦ ਅਤੇ ਫਿੱਟ ਲੋਕ ਵੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਕੁਝ ਜਾਣਕਾਰਾਂ ਦਾ ਕਹਿਣਾ ਹੈਕਿ ਜਦੋਂ ਇਹ ਕਿਹਾ ਗਿਆ ਕਿ ਕੋਰੋਨਾ ਨਾਲ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਹੈ ਤਾਂ ਨੌਜਵਾਨਾਂ ਨੇ ਇਸ ਨੂੰ ਗਲਤ ਤਰੀਕੇ ਨਾਲ ਲਿਆ।ਕਈ ਦੇਸ਼ਾਂ ਵਿਚ ਨੌਜਵਾਨਾਂ ਨੇ ਪਾਬੰਦੀਆਂ ਨੂੰ ਨਹੀਂ ਮੰਨਿਆ ਅਤੇ ਉਹ ਪਾਰਟੀ ਕਰਦੇ ਰਹੇ। ਇਸ ਕਾਰਨ ਵੀ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਵਿਚ ਮਦਦ ਮਿਲੀ। ਪਰ ਹੁਣ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਹਨਾਂ ਵਿਚ ਸਿਹਤਮੰਦ ਨੌਜਵਾਨਾਂ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਲੰਡਨ ਵਿਚ ਰਹਿਣ ਵਾਲੇ ਐਡਮ ਹਾਰਕਿਨਜ਼ ਬਿਲਕੁੱਲ ਫਿੱਟ ਸਨ ਉਹਨਾਂ ਦੀ ਉਮਰ ਸਿਰਫ 28 ਸਾਲ ਸੀ ਪਰ ਹੁਣ ਉਹਨਾਂ ਦਾ ਨਾਮ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਲੋਕਾਂ ਵਿਚ ਸ਼ਾਮਲ ਹੋ ਗਿਆ ਹੈ। ਉਹਨਾਂ ਨੂੰ induced coma ਵਿਚ ਰੱਖਿਆ ਗਿਆ ਸੀ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਦੀ ਮਾਂ ਜੈਕੀ ਨੇ ਕਿਹਾ ਕਿ ਉਹ ਬਿਲਕੁੱਲ ਸਿਹਤਮੰਦ ਸਨ। 

ਉੱਥੇ ਭਾਰਤੀ ਮੂਲ ਦੀ ਪੂਜਾ ਸ਼ਰਮਾ ਬਰਮਿੰਘਮ ਵਿਚ ਰਹਿੰਦੀ ਸੀ। 33 ਸਾਲ ਦੀ ਪੂਜਾ ਦੀ ਮੌਤ ਵੀ ਕੋਰੋਨਾ ਨਾਲ ਹੋਈ। ਇਕ ਦਿਨ ਪਹਿਲਾਂ ਹੀ ਉਸ ਦੇ ਪਿਤਾ ਸੁਧੀਰ ਸ਼ਰਮਾ ਦੀ ਵੀ ਮੌਤ ਕੋਰੋਨਾ ਇਨਫੈਕਟਿਡ ਹੋਣ ਕਾਰਨ ਹੋਈ ਸੀ। ਭਾਵੇਂਕਿ ਕੋਰੋਨਾਵਾਇਰਸ ਦੇ ਕੁੱਲ ਮ੍ਰਿਤਕਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਵੱਡੀ ਗਿਣਤੀ ਬਜ਼ੁਰਗਾਂ ਦੀ ਹੈ ਪਰ ਕੋਰੋਨਾ ਹੁਣ ਨੌਜਵਾਨਾਂ ਦੀ ਵੀ ਜਾਨ ਲੈ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈਕਿ ਜਿਹੜੇ ਦੇਸ਼ਾਂ ਵਿਚ ਸਿਹਤ ਸੇਵਾਵਾਂ ਵਧੀਆ ਨਹੀਂ ਹਨ ਉੱਥੇ ਹੋਰ ਲੋਕਾਂ ਦੀ ਮੌਤ ਹੋ ਸਕਦੀ ਹੈ। ਕਈ ਰਿਪੋਰਟਾਂ ਵਿਚ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ ਕਿ ਜ਼ਿਆਦਾਤਰ ਜਵਾਨਾਂ ਵਿਚ ਕੋਰੋਨਾ ਨਾਲ ਮਾਮੂਲੀ ਬੁਖਾਰ ਜਿਹੇ ਲੱਛਣ ਹੀ ਦਿੱਸਣਗੇ ਜਾਂ ਕੁਝ ਵਿਚ ਹਲਕੇ ਲੱਛਣ ਵੀ ਨਹੀਂ ਹੋਣਗੇ ਪਰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਜ਼ ਏ ਗੇਬ੍ਰਿਯੇਸੁਸ ਨੇ ਵੀ ਪਿਛਲੇ ਹਫਤੇ ਕਿਹਾ ਹੈ ਕਿ ਮਹਾਮਾਰੀ ਵਿਚ ਜਵਾਨ ਅਤੇ ਸਿਹਤਮੰਦ ਲੋਕ ਅਜੇਤੂ ਨਹੀਂ ਰਹਿਣਗੇ। ਬਜ਼ੁਰਗ ਸਭ ਤੋਂ ਵੱਧ ਪੀੜਤ ਹੋਣਗੇ ਪਰ ਜਵਾਨ ਵੀ ਪ੍ਰਭਾਵਿਤ ਹੋਣਗੇ। 

ਇਕ ਅੰਕੜੇ ਦੇ ਮੁਤਾਬਕ ਅਮਰੀਕਾ ਵਿਚ ਹਸਪਤਾਲ ਵਿਚ ਭਰਤੀ ਕੀਤੇ ਗਏ 500 ਮਰੀਜ਼ਾਂ ਵਿਚੋਂ 20 ਫੀਸਦੀ ਮਤਲਬ ਕਿ ਕਰੀਬ 100 ਲੋਕ, 20 ਤੋਂ 44 ਸਾਲ ਦੀ ਉਮਰ ਦੇ ਸਨ।ਕੋਰੋਨਾ ਨੂੰ ਲੈ ਕੇ ਆਈ.ਸੀ.ਯੂ. ਵਿਚ ਭਰਤੀ ਹੋਣ ਵਾਲੇ ਹਰੇਕ 10 ਵਿਚੋਂ 1 ਵਿਅਕਤੀ ਜਵਾਨ ਹੁੰਦਾ ਹੈ। ਲੀਡਸ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਵਾਇਰਸ ਮਾਹਰ ਸਟੀਫਨ ਗ੍ਰਿਫਿਨ ਕਹਿੰਦੇ ਹਨ,''ਹਰ ਕਿਸੇ ਨੂੰ ਖਤਰਾ ਹੈ। ਹਰ ਵਾਰ ਜਦੋਂ ਵਿਅਕਤੀ ਇਨਫੈਕਟਿਡ ਹੁੰਦਾ ਹੈ ਤਾਂ ਉਸ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੌਣ ਜਿੱਤੇਗਾ।'' ਲੰਡਨ ਦੇ ਕਿੰਗਸ ਕਾਲਜ ਦੇ ਛੂਤ ਦੇ ਰੋਗਾਂ ਦੇ ਮਾਹਰ ਨਥਾਲੀ ਮੈਕਡਰਮਾਟ ਦਾ ਕਹਿਣਾ ਹੈਕਿ ਅਸੀਂ 20 ਤੋਂ ਲੈ ਕੇ 39 ਸਾਲ ਤੱਕ ਦੇ ਲੋਕਾਂ ਨੂੰ ਵਾਇਰਸ ਨਾਲ ਮਰਦੇ ਦੇਖਿਆ ਹੈ। ਕੁਝ ਲੋਕਾਂ ਨੂੰ ਪਹਿਲਾਂ ਤੋਂ ਸਿਹਤ ਸੰਬੰਧੀ ਕੋਈ ਤਕਲੀਫ ਹੁੰਦੀ ਹੈ ,ਕਈਆਂ ਨੂੰ ਨਹੀਂ ਹੁੰਦੀ। ਅਜਿਹੇ ਵਿਚ ਇਕ ਮਾਮਲੇ ਵਿਚ ਆਇਰਲੈਂਡ ਦੇ ਕੇਰੀ ਦੇ ਰਹਿਣ ਵਾਲੇ ਮਿਸ਼ੇਲ ਪ੍ਰੈਂਡਰਗਸਤ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਮਿਸ਼ੇਲ ਦੀ ਉਮਰ ਸਿਰਫ 28 ਸਾਲ ਸੀ। ਉਹਨਾਂ ਨੇ ਹਸਤਾਲ ਤੋਂ ਇਕ ਵੀਡੀਓ ਰਿਕਾਰਡ ਕਰ ਕੇ ਕਿਹਾ ਸੀ ਕਿ ਇਹ ਗਲਤ ਧਾਰਨਾ ਹੈ ਕਿ ਕੋਰੋਨਾ ਨਾਲ ਇਨਫੈਕਸ਼ਨ ਜਵਾਨਾਂ ਨੂੰ ਸਿਰਫ ਜ਼ੁਕਾਮ ਜਾਂ ਫਲੂ ਦੀ ਤਰ੍ਹਾਂ ਹੁੰਦਾ ਹੈ।


 

Vandana

This news is Content Editor Vandana