ਪੁਲਸ ਅਫ਼ਸਰ ਅਮਰਜੀਤ ਸਿੰਘ ਨੂੰ 'ਮਹਾਰਾਣੀ ਪੁਰਸਕਾਰ' ਨਾਲ ਨਵਾਜਿਆ ਗਿਆ

02/17/2018 4:59:05 PM

ਲੰਡਨ— ਲੰਡਨ ਦੀ ਪੁਲਸ ਵਿਚ 14 ਸਾਲ ਤੋਂ ਸੇਵਾਵਾਂ ਦੇ ਰਹੇ ਸਿੱਖ ਅਫਸਰ ਅਮਰਜੀਤ ਸਿੰਘ ਨੂੰ 'ਮਹਾਰਾਣੀ ਪੁਰਸਕਾਰ' (ਕੁਈਂਜ਼ ਪੁਲਸ ਮੈਡਲ) ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਪ੍ਰਿੰਸ ਚਾਰਲਸ ਨੇ ਦਿੱਤਾ। ਅਮਰਜੀਤ ਸਿੰਘ 14 ਸਾਲ ਪਹਿਲਾਂ ਪਹਿਲੇ ਸਿੱਖ ਪੁਲਸ ਅਫਸਰ ਵਜੋਂ ਭਰਤੀ ਹੋਏ ਸਨ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਾਰਜੈਂਟ ਅਤੇ ਫਿਰ ਸੀ. ਆਈ. ਡੀ ਅਫਸਰ ਵਜੋਂ ਉਚ ਅਹੁਦੇ ਦਿੱਤੇ ਗਏ। ਡਿਟੈਕਟਿਵ ਸਾਰਜੈਂਟ ਵਜੋਂ ਉਹ ਪਿਛਲੇ 8 ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ। ਜਿਸ ਅਧੀਨ ਉਨ੍ਹਾਂ ਨੇ ਭਾਈਚਾਰੇ ਦੇ ਕਈ ਅਹਿਮ ਕੇਸਾਂ ਨੂੰ ਹੱਲ ਕੀਤਾ।
ਮੌਜੂਦਾ ਸਮੇਂ ਵਿਚ ਉਹ ਇੰਸਪੈਕਟਰ ਵਜੋਂ ਤਾਇਨਾਤ ਹਨ ਅਤੇ ਆਪਣੇ ਫਰਜ਼ਾਂ ਨਾਲ ਕੋਈ ਸਮਝੌਤਾ ਨਹੀਂ ਕਰਦੇ। ਸਿੱਖੀ ਸਰੂਪ ਦੇ ਧਾਰਨੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਪ੍ਰਿੰਸ ਚਾਰਲਸ ਨੇ 'ਮਹਾਰਾਣੀ ਪੁਰਸਕਾਰ' ਨਾਲ ਨਵਾਜਿਆ। ਉਹ ਸਿੱਖੀ ਅਸੂਲਾਂ ਮੁਤਾਬਕ ਆਪਣੀ ਡਿਊਟੀ ਨਿਭਾਉਂਦੇ ਹਨ ਅਤੇ ਉਹ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਡਿਊਟੀ ਦੌਰਾਨ ਹਮੇਸ਼ਾ ਸਹਿਯੋਗ ਦਿੱਤਾ।