ਮਹਿਲਾ ਐਥਲੀਟ ਕੋਲੋਂ ਖੋਹ ਲਿਆ ਗਿਆ ਲੰਡਨ ਓਲੰਪਿਕ ਸੋਨ ਤਮਗਾ

02/11/2017 4:24:57 PM

ਲੁਸਾਨੇ— ਕੌਮਾਂਤਰੀ ਖੇਡ ਐਵਾਰਡ (ਕੈਸ) ਨੇ ਰੂਸ ਦੀ ਧਾਵਿਕਾ ਮਾਰੀਆ ਸੇਵੀਨੋਵਾ ਫਾਰਨੋਸੋਵਾ ਨੂੰ ਡੋਪਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੂੰ ਲੰਡਨ ਓਲੰਪਿਕ ਦੀ 800 ਮੀਟਰ ਰੇਸ ''ਚ ਮਿਲਿਆ ਸੋਨ ਤਮਗਾ ਵੀ ਵਾਪਸ ਲੈ ਲਿਆ ਗਿਆ ਹੈ ਅਤੇ ਨਾਲ ਹੀ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ। ਖੇਡ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਸੇਵੀਨੋਵਾ ਖਿਲਾਫ ਸਾਫ ਤੌਰ ''ਤੇ ਡੋਪਿੰਗ ਦੇ ਸਬੂਤ ਪ੍ਰਾਪਤ ਹੋਏ ਹਨ। ਉਹ 2010 ਬਾਰਸੀਲੋਨਾ ਯੂਰਪੀਅਨ ਚੈਂਪੀਅਨਸ਼ਿਪ ਤੋਂ ਪਹਿਲੀ ਸ਼ਾਮ ਤੋਂ ਲੈ ਕੇ 2013 ਦੀ ਮਾਸਕੋ ''ਚ ਹੋਈ ਵਿਸ਼ਵ ਚੈਂਪੀਅਨਸ਼ਿਪ ਤੱਕ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਦੀ ਰਹੀ, ਜਿਸ ''ਚ 2012 ਦੀ ਲੰਡਨ ਓਲੰਪਿਕ ਖੇਡ ਵੀ ਸ਼ਾਮਲ ਹੈ। ਕੈਸ ਨੇ ਕਿਹਾ ਕਿ 26 ਜੁਲਾਈ 2010 ਤੋਂ 19 ਅਗਸਤ 2013 ਦਰਮਿਆਨ ਉਸ ਨੇ ਜੋ ਵੀ ਖਿਤਾਬ ਜਿੱਤੇ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ। ਕੌਮਾਂਤਰੀ ਐਥਲੈਟਿਕਸ ਮਹਾਸੰਘ ਵਲੋਂ ਰੂਸੀ ਐਥਲੈਟਿਕਸ ਸੰਘ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਕੈਸ ਹੀ ਇਸ ਮਾਮਲੇ ''ਚ ਸਿੱਧੀ ਕਾਰਵਾਈ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਰਿਪੋਰਟ ''ਚ ਵੀ ਸੋਵੀਨੋਵਾ ਨੂੰ ਡੋਪਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਰੂਸ ''ਚ ਡੋਪਿੰਗ ਦੇ ਵਿਆਪਕ ਸਰਕਾਰ ਵਲੋਂ ਆਯੋਜਿਤ ਪ੍ਰੋਗਰਾਮਾਂ ਦਾ ਖੁਲਾਸਾ ਕਰਨ ਵਾਲੀ ਯੂਨਿਲਾ ਸਟੇਪਾਨੋਵਾ ਦੇ ਦੋਸ਼ਾਂ ਤੋਂ ਬਾਅਦ ਕੀਤੀ ਗਈ ਜਾਂਚ ਦੇ ਚਲਦੇ ਸੇਵੀਨੋਵਾ ''ਤੇ ਕੱਚੇ ਤੌਰ ''ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੇਵੀਨੋਵਾ ਨੇ 2013 ਤੋਂ ਕਿਸੇ ਪ੍ਰਤੀਯੋਗਿਤਾ ''ਚ ਹਿੱਸਾ ਨਹੀਂ ਲਿਆ ਹੈ।