ਐੱਨ.ਆਰ.ਆਈ. ਪਤੀ ਦੇ ਕਤਲ ਕੇਸ 'ਚ ਨਵਾਂ ਮੋੜ, ਜਲਦ ਹੋਵੇਗੀ ਗ੍ਰਿਫਤਾਰੀ

10/31/2019 1:08:56 PM

ਲੰਡਨ (ਬਿਊਰੋ):  ਯੂ.ਕੇ. ਦੀ ਰਹਿਣ ਵਾਲੀ ਕੁਲਜਿੰਦਰ ਕੌਰ ਥਾਂਡੀ ਦੀ ਹਵਾਲਗੀ ਲਈ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਆਪਣੀ ਪ੍ਰਵਾਨਗੀ ਦਿੱਤੀ ਹੈ। ਉਹ 2015 ਵਿਚ ਹੁਸ਼ਿਆਰਪੁਰ ਜ਼ਿਲੇ ਵਿਚ ਆਪਣੇ ਐੱਨ.ਆਰ.ਆਈ. ਪਤੀ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੀ ਹੈ। ਆਪਣੇ ਪਤੀ ਦੀ ਹੱਤਿਆ ਮਗਰੋਂ ਕੁਲਜਿੰਦਰ ਨੇ ਕਥਿਤ ਰੂਪ ਨਾਲ ਉਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜਪ ਲਈ ਸੀ। ਹਾਲ ਹੀ ਦੇ ਦਿਨਾਂ ਵਿਚ ਇਹ ਦੂਜੀ ਘਟਨਾ ਹੈ ਜਦੋਂ ਇਕ ਕਤਲ ਕੇਸ ਵਿਚ ਪੰਜਾਬ ਦੀ ਇਕ ਐੱਨ.ਆਰ.ਆਈ. ਮਹਿਲਾ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਾਲ ਜਨਵਰੀ ਵਿਚ ਕੈਨੇਡਾ ਰਹਿੰਦੀ ਮਲਕੀਤ ਕੌਰ ਅਤੇ ਉਸ ਦੇ ਭਰਾ ਸੁਰਜੀਤ ਸਿੰਘ ਬਦੇਸ਼ਾ ਦੀ 18 ਸਾਲ ਪਹਿਲਾਂ ਜਸਵਿੰਦਰ ਸਿੱਧੂ ਉਰਫ ਜੱਸੀ (ਮਲਕੀਤ ਕੌਰ ਦੀ ਧੀ) ਦੀ ਹੱਤਿਆ ਵਿਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਲਈ ਹਵਾਲਗੀ ਕੀਤੀ ਗਈ ਸੀ।

ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਥਿੰਡਾ ਦੀ ਵਸਨੀਕ ਕੁਲਜਿੰਦਰ ਜੋ ਡਾਰਟਫੋਰਟ ਕੈਂਟ (ਯੂ.ਕੇ.) ਵਿਚ ਸਟ੍ਰੀਟ ਹੀਥਰ ਡ੍ਰਾਈਵ ਸਿਟੀ ਵਿਚ ਰਹਿੰਦੀ ਹੈ 'ਤੇ ਆਪਣੇ ਪਿਤਾ ਅਮਰੀਕ ਸਿੰਘ ਅਤੇ ਦੋਸਤ ਸਤਿੰਦਰ ਸਿੰਘ ਉਰਫ ਵਿਪਿਨ ਜੋ ਬੰਗਾਲੀਪੁਰ ਪਿੰਡ ਦਾ ਇਕ ਪੁਲਸ ਕਾਂਸਟੇਬਲ ਹੈ, ਦੀ ਮਦਦ ਨਾਲ ਆਪਣੇ ਐੱਨ.ਆਰ.ਆਈ. ਪਤੀ ਰਾਜਪਾਲ ਸਿੰਘ (67) ਦਾ ਗਲਾ ਦਬਾ ਕੇ ਮਾਰਨ ਦਾ ਦੋਸ਼ ਹੈ। ਰਾਜਪਾਲ ਦੀ ਹੱਤਿਆ ਦੇ ਸੰਬੰਧ ਵਿਚ ਇਕ ਐੱਫ.ਆਈ.ਆਰ. 2 ਮਾਰਚ, 2015 ਨੂੰ ਮਹਿਤਿਆਨਾ ਪੁਲਸ ਸਟੇਸ਼ਨ ਵਿਚ ਦਰਜ ਕੀਤੀ ਗਈ ਸੀ। ਗ੍ਰੇਸ (ਯੂ.ਕੇ.) ਦੇ ਲੌਜ ਲੇਨ ਦੀ ਵਸਨੀਕ ਮ੍ਰਿਤਕ ਦੀ ਰਿਸ਼ਤੇਦਾਰ ਪਰਮਜੀਤ ਕੌਰ ਦੇ ਬਿਆਨ 'ਤੇ ਦਰਜ ਐੱਫ.ਆਈ.ਆਰ. ਮੁਤਾਬਕ ਰਾਜਪਾਲ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਦੇ ਬਾਅਦ 2004 ਵਿਚ ਥਾਂਡੀ ਨਾਲ ਵਿਆਹ ਰਚਾਇਆ। ਥਾਂਡੀ ਰਾਜਪਾਲ ਦੀ ਉਮਰ ਤੋਂ ਲੱਗਭਗ ਅੱਧੀ ਸੀ ਅਤੇ ਦੋਹਾਂ ਦੇ 2 ਬੱਚੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਆਪਸੀ ਰਿਸ਼ਤੇ ਰਿਸ਼ਤਾ ਵਧੀਆ ਨਹੀਂ ਸਨ। 

11 ਦਸੰਬਰ, 2015 ਨੂੰ ਉਹ ਆਪਣੇ ਬੱਚਿਆਂ ਨਾਲ 30 ਦਸੰਬਰ ਨੂੰ ਹੋਣ ਵਾਲੇ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਭਾਰਤ ਆ ਗਈ ਸੀ। ਰਾਜਪਾਲ 19 ਦਸੰਬਰ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। 26 ਦਸੰਬਰ ਨੂੰ ਰਾਜਪਾਲ ਆਪਣੇ ਜੱਦੀ ਥਿੰਡਾ ਪਿੰਡ ਵਿਚ ਮ੍ਰਿਤਕ ਪਾਇਆ ਗਿਆ, ਜਿੱਥੇ ਉਹ ਕੁਲਜਿੰਦਰ ਨਾਲ ਰਹਿ ਰਿਹਾ ਸੀ। ਮਾਮਲੇ ਵਿਚ ਦਾਇਰ ਪੁਲਸ ਚਾਲਾਨ ਵਿਚ  ਕਿਹਾ ਗਿਆ ਹੈ ਕਿ ਰਾਜਪਾਲ ਦੀ ਮੌਤ ਸਾਹ ਘੁੱਟ ਜਾਣ ਕਾਰਨ ਹੋਈ। ਇਸ ਮਾਮਲੇ ਵਿਚ ਥਾਂਡੀ, ਉਸ ਦੇ ਪਿਤਾ ਅਤੇ ਦੋਸਤ 'ਤੇ ਉਸ ਨੂੰ ਸਿਰਹਾਣੇ ਦੀ ਮਦਦ ਨਾਲ ਮੌਤ ਦੇ ਘਾਟ ਉਤਾਰਨ ਦਾ ਦੋਸ਼ ਲਗਾਇਆ ਗਿਆ। 

ਅਗਲੇ ਦਿਨ ਥਾਂਡੀ ਨੇ ਕਥਿਤ ਤੌਰ 'ਤੇ ਕਿਹਾ ਕਿ ਰਾਜਪਾਲ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਨ੍ਹਾਂ ਨੇ ਰਾਜਪਾਲ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਅਤੇ ਪਿੰਡ ਵਾਲਿਆਂ ਨੂੰ ਦੱਸੇ ਬਿਨਾਂ ਜਲਦਬਾਜ਼ੀ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਮਗਰੋਂ ਕੁਲਜਿੰਦਰ ਵਾਪਸ ਇੰਗਲੈਂਡ ਚਲੀ ਗਈ ਸੀ। ਪੁਲਸ ਜਾਂਚ ਵਿਚ ਦੱਸਿਆ ਗਿਆ ਕਿ ਰਾਜਪਾਲ ਦੀ ਅੰਤਿਮ ਅਰਦਾਸ ਨੇੜੇ ਰਹਿੰਦੇ ਰਿਸ਼ਤੇਦਾਰਾਂ ਦੀ ਜਾਣਕਾਰੀ ਦੇ ਬਿਨਾਂ ਹੀ ਕਰ ਦਿੱਤੀ ਗਈ ਸੀ।

Vandana

This news is Content Editor Vandana