ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਗਲਾਸਗੋ 2019 ਦਾ ਜੇਤੂ ਤਾਜ਼ ਪੋਲੈਂਡ ਸਿਰ ਸਜਿਆ

10/16/2019 4:27:43 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)—  ਗਲਾਸਗੋ ਦੇ ਐਮੀਰੇਟਸ ਐਰੀਨਾ ਵਿਖੇ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਗਲਾਸਗੋ 2019 ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਯੂਰੋਪ ਭਰ 'ਚੋਂ ਕਬੱਡੀ ਟੀਮਾਂ ਨੇ ਹਿੱਸਾ ਲਿਆ। ਇਸ ਦੋ ਰੋਜ਼ਾ ਮਹਾਂ-ਖੇਡ ਮੁਕਾਬਲਿਆਂ ਦਾ ਉਦਘਾਟਨ ਵਰਲਡ ਕਬੱਡੀ ਫੈਡਰੇਸ਼ਨ, ਯੂਰਪੀਅਨ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਦਾਸ, ਸਕਾਟਿਸ਼ ਕਬੱਡੀ ਐਸੋਸੀਏਸ਼ਨ ਦੇ ਆਨਰੇਰੀ ਪ੍ਰਧਾਨ ਸੋਹਣ ਸਿੰਘ ਰੰਧਾਵਾ, ਚੇਅਰਪਰਸਨ ਬਹਾਦਰ ਸਿੰਘ ਔਜਲਾ, ਜਨਰਲ ਸੈਕਟਰੀ ਪ੍ਰੇਮ ਬਾਠ, ਬਲਜੀਤ ਬਰਾੜ, ਸਕਾਟਲੈਂਡ ਤੇ ਇੰਗਲੈਂਡ ਕਬੱਡੀ ਦੀ ਚੀਫ ਐਗਜੀਕਿਊਟਵ ਪ੍ਰੀਤੀ ਤ੍ਰਿਵੇਦੀ, ਗਲਾਸਗੋ ਲਾਈਫ ਦੇ ਸਪੋਰਟਸ ਐਂਡ ਈਵੈਂਟ ਡਾਇਰੈਕਟਰ ਬਿਲੀ ਗੈਰੇਟ, ਗਲਸਾਗੋ ਕੌਂਸਲ ਵਿੱਚ ਖੇਡਾਂ ਦੇ ਡਿਪਲਵਮੈਂਟ ਅਫ਼ਸਰ ਕੈਸ਼ ਟਾਂਕ, ਰਾਇਲ ਨੇਵੀ, ਰਾਇਲ ਏਅਰ ਫੋਰਸ, ਬਰਿਟਿਸ਼ ਆਰਮੀ ਅਤੇ ਗਲਾਸਗੋ ਕੌਂਸਲ ਦੇ ਅਫਸਰ ਸਾਹਿਬਾਨਾਂ ਦੀ ਮਾਣਮੱਤੀ ਹਾਜ਼ਰੀ ਵਿੱਚ ਹੋਇਆ। 

ਚੈਂਪੀਅਨਸ਼ਿਪ ਦਾ ਪਹਿਲਾ ਮੁਕਾਬਲਾ ਇਟਲੀ ਤੇ ਨਾਰਵੇ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿੱਚੋਂ ਨਾਰਵੇ ਨੇ ਜੇਤੂ ਸ਼ੁਰੂਆਤ ਕੀਤੀ। ਦੋ ਗਰੁੱਪਾਂ ਦੇ ਵੱਖ-ਵੱਖ ਮੁਕਾਬਲਿਆਂ 'ਚ ਇੰਗਲੈਂਡ ਤੇ ਪੋਲੈਂਡ, ਨਾਰਵੇ ਤੇ ਇੰਗਲੈਂਡ, ਪੋਲੈਂਡ ਤੇ ਇਟਲੀ, ਇਟਲੀ ਤੇ ਇੰਗਲੈਂਡ, ਨਾਰਵੇ ਤੇ ਪੋਲੈਂਡ, ਹਾਲੈਂਡ ਤੇ ਜਰਮਨੀ, ਸਕਾਟਲੈਂਡ ਤੇ ਹਾਲੈਂਡ, ਸਕਾਟਲੈਂਡ ਤੇ ਜਰਮਨੀ ਦੇ ਖਿਡਾਰੀਆਂ ਨੇ ਜੇਤੂ ਟਰਾਫੀ ਨੂੰ ਚੁੰਮਣ ਲਈ ਪੂਰੀ ਵਾਹ ਲਗਾਈ। ਅੰਕਾਂ ਦੇ ਆਧਾਰ 'ਤੇ ਪੋਲੈਂਡ ਅਤੇ ਹਾਲੈਂਡ ਦੇ ਖਿਡਾਰੀਆਂ ਨੂੰ ਫਾਈਨਲ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ, ਜਿਸ ਵਿੱਚ ਹਾਲੈਂਡ ਦੀ ਟੀਮ ਨੇ ਧੂੰਆਂਧਾਰ ਪ੍ਰਦਰਸ਼ਨ ਕਰਦਿਆਂ ਹਾਲੈਂਡ ਦੇ ਉੱਚੇ ਲੰਮੇ, ਫੁਰਤੀਲੇ ਗੱਭਰੂਆਂ ਦੇ ਪੈਰ ਨਾ ਲੱਗਣ ਦਿੱਤੇ ਅਤੇ ਅੰਤ 48-27 ਦੇ ਫਰਕ ਨਾਲ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ। 

ਇਸ ਸਮੇਂ ਕਰਵਾਏ ਗਏ ਇੰਗਲੈਂਡ ਅਤੇ ਸਕਾਟਲੈਂਡ ਦੀਆਂ ਕੁੜੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਸ਼ੋਅ ਮੈਚ ਵਿੱਚੋਂ ਇੰਗਲੈਂਡ ਨੇ 46-28 ਦੇ ਫਰਕ ਨਾਲ ਜਿੱਤ ਹਾਸਲ ਕਰਕੇ ਜੇਤੂ ਟਰਾਫੀ ਆਪਣੀ ਮੈਨੇਜਰ ਕਵਲ ਦਾਸ ਦੀ ਝੋਲੀ ਪਾਈ। ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਜਰਮਨੀ ਅਤੇ ਸਕਾਟਲੈਂਡ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਵਿੱਚ ਜਰਮਨੀ ਦੇ ਖਿਡਾਰੀਆਂ ਨੇ ਜਿੱਤ ਦਰਜ਼ ਕੀਤੀ। ਇਸ ਮੈਚ ਦੌਰਾਨ ਧਾਵੀ ਮੰਨਾ ਤੇ ਹੈਪੀ ਦੀ ਖੇਡ ਨੇ ਖੂਬ ਤਾੜੀਆਂ ਹਾਸਲ ਕੀਤੀਆਂ। ਇਹਨਾਂ ਮੁਕਾਬਲਿਆਂ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਮਰੀਕ ਸਿੰਘ (ਖਾਲਸਾ ਕਾਲਜ ਬੇਗੋਵਾਲ), ਪਰਮਜੀਤ ਸਿੰਘ (ਡੀ ਪੀ ਈ ਖੈੜਾ ਦੋਨਾ), ਚਰਨਜੀਤ ਸਿੰਘ (ਪੀ ਟੀ ਆਈ ਛੰਨਾਂ ਸ਼ੇਰ ਸਿੰਘ) ਅਤੇ ਮਨਦੀਪ ਸਿੰਘ (ਫੱਤੂ ਢੀਂਗਾ) ਨੇ ਆਪਣੇ ਖੇਡ ਪ੍ਰਬੰਧਾਂ ਦੇ ਤਜ਼ਰਬੇ ਜ਼ਰੀਏ ਇਸ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਨਾ ਭੁੱਲਣਯੋਗ ਯੋਗਦਾਨ ਪਾਇਆ। 

ਇਸ ਮਹਾਂ-ਮੇਲੇ ਦੌਰਾਨ ਜੀਤ ਸਿੰਘ ਮਸਤਾਨਾ, ਸੱਤੀ ਸਿੰਘ, ਪਰਮਜੀਤ ਸਿੰਘ ਸਮਰਾ (ਸਪਾਈਸ ਆਫ ਲਾਈਫ), ਗੁਰਮੀਤ ਸਿੰਘ ਧਾਲੀਵਾਲ, ਸਰਦਾਰਾ ਸਿੰਘ ਲੱਲੀ, ਜੀਵਨ ਸਿੰਘ ਸ਼ੇਰਗਿੱਲ, ਕਰਨੈਲ ਸਿੰਘ, ਬਲਜੀਤ ਸਿੰਘ ਖਹਿਰਾ, ਰਣਜੀਤ ਸਿੰਘ ਸੰਘਾ, ਰਾਣਾ ਸੇਖੋਂ, ਮੋਹਣ ਸਿੰਘ ਔਜਲਾ, ਗਿਆਨ ਸਿੰਘ, ਦਲਜੀਤ ਸਿੰਘ ਦਿਲਬਰ, ਤਰਲੋਚਨ ਮੁਠੱਡਾ, ਹਰਜੀਤ ਦੁਸਾਂਝ, ਜਗਦੀਸ਼ ਸਿੰਘ, ਸੋਢੀ ਬਾਗੜੀ, ਰਿੰਕੂ ਹੈਮਿਲਟਨ, ਬੱਬੂ ਮੋਰਿੰਡਾ, ਕਮਲਜੀਤ ਭੁੱਲਰ, ਦਿਲਬਾਗ ਸਿੰਘ ਸੰਧੂ, ਜਿੰਦਰ ਜੱਲੋਵਾਲ, ਜਸਵੰਤ ਸਿੰਘ, ਦਲਬਾਰਾ ਸਿੰਘ ਗਿੱਲ, ਹਰਪਾਲ ਸਿੰਘ, ਬਲਵਿੰਦਰ ਸਿੰਘ ਤਲਵਣ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Vandana

Content Editor

Related News