ਸਾਵਧਾਨ! ਕੋਰੋਨਾ ਦਾ 1 ਮਰੀਜ਼ 59,000 ਲੋਕਾਂ ਨੂੰ ਕਰ ਸਕਦੈ ਇਨਫੈਕਟਿਡ

03/25/2020 6:10:41 PM

ਲੰਡਨ (ਬਿਊਰੋ): ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਸ ਦੌਰਾਨ ਇਕ ਅਨੁਭਵੀ ਡਾਕਟਰ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਪੀੜਤ ਸ਼ਖਸ 59,000 ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਇੰਟੈਸਿਵ ਕੇਅਰ ਮੈਡੀਸਨ ਦੇ ਪ੍ਰੋਫੈਸਰ ਹਿਊ ਮੌਂਟਗੋਮਰੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਫੀ ਜ਼ਿਆਦਾ ਇਨਫੈਕਸ਼ਨ ਫੈਲਾਉਣ ਵਾਲਾ ਵਾਇਰਸ ਹੈ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਚੈਨਲ 4 ਨਾਲ ਗੱਲਬਾਤ ਕਰਦਿਆਂ ਡਾਕਟਰ ਲਿਊ ਨੇ ਵਿਸਥਾਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਇਕ ਇਨਫੈਕਟਿਡ ਵਿਅਕਤੀ ਨਾਲ ਹਜ਼ਾਰਾਂ ਲੋਕਾਂ ਨੂੰ ਇਹ ਵਾਇਰਸ ਹੋ ਸਕਦਾ ਹੈ।ਉਹਨਾਂ ਨੇ ਲੋਕਾਂ ਨੂੰ ਸਮਾਜਿਕ ਦੂਰੀ 'ਤੇ ਅਮਲ ਕਰਨ ਦੀ ਅਪੀਲ ਵੀ ਕੀਤੀ।ਹਿਊ ਨੇ ਕਿਹਾ,''ਜੇਕਰ ਲੋਕਾਂ ਨੂੰ ਸਧਾਰਨ ਫਲੂ ਹੁੰਦਾ ਹੈ ਤਾਂ ਉਹ ਔਸਤਨ 1.3 ਤੋਂ 1.4 ਵਿਅਕਤੀ ਇਨਫੈਕਟਿਡ ਕਰਦੇ ਹਨ। ਫਲੂ ਦੌਰਾਨ ਅਗਲੇ ਇਨਫੈਕਟਿਡ ਵਿਅਕਤੀ ਵੀ ਹੋਰ ਲੋਕਾਂ ਨੂੰ  ਇਨਫੈਕਟਿਡ ਕਰਦੇ ਹਨ ਅਤੇ ਅੱਗੇ 10 ਵਾਰ ਇਨਫੈਕਸ਼ਨ ਚੱਕਰ ਚੱਲਦਾ ਰਹਿੰਦਾ ਹੈ ਤਾਂ ਕੁੱਲ 14 ਇਨਫੈਕਸ਼ਨ ਦੇ ਮਾਮਲੇ ਹੋਣਗੇ।''

ਹਿਊ ਨੇ ਫਲੂ ਦੀ ਕੋਰੋਨਾਵਾਇਰਸ ਨਾਲ ਤੁਲਨਾ ਕਰਦਿਆਂ ਇਸ ਦੇ ਖਤਰੇ ਦੇ ਬਾਰੇ ਵਿਚ ਸਾਵਧਾਨ ਕੀਤਾ। ਉਹਨਾਂ ਨੇ ਕਿਹਾ,''ਕੋਰੋਨਾਵਾਇਰਸ ਇਕ ਇਨਸਾਨ ਤੋਂ ਔਸਤਨ ਕਰੀਬ 3 ਇਨਸਾਨਾਂ ਵਿਚ ਫੈਲਦਾ ਹੈ।'' ਹਿਊ ਨੇ ਕਿਹਾ,'' ਕੋਰੋਨਾਵਾਇਰਸ ਦਾ ਇਨਫੈਕਸ਼ਨ 1 ਤੋਂ 3 ਵਿਅਕਤੀਆਂ ਨੂੰ ਹੋ ਸਕਦਾ ਹੈ ਅਤੇ ਜੇਕਰ ਇਹ 10 ਪਰਤਾਂ ਵਿਚ ਅੱਗੇ ਵੱਧਦਾ ਹੈ ਤਾਂ ਇਸ ਨਾਲ 59,000 ਲੋਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਹੈ। ਉਦਾਹਰਨ ਲਈ 1 ਤੋਂ 3, 3 ਤੋਂ 9, 9 ਤੋਂ 27, 27 ਤੋਂ 81, 81 ਤੋਂ 243, 243 ਤੋਂ 729, 729 ਤੋਂ 2187, 2187 ਤੋਂ 6561, 6561 ਤੋਂ 19583, 19583 ਤੋਂ 59,049 ਲੋਕਾਂ ਨੂੰ।''

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਖਾਤਮੇ ਲਈ ਦੁਨੀਆ ਭਰ 'ਚ 4 ਦਵਾਈਆਂ ਦਾ ਮਹਾ-ਪਰੀਖਣ ਸ਼ੁਰੂ

ਹਿਊ ਨੇ ਕਿਹਾ ਕਿ ਉਹ ਕੋਰੋਨਾਵਾਇਰਸ ਨਾਲ ਜੁੜੇ ਅੰਕੜਿਆਂ ਨੂੰ ਘੱਟ ਕਰਕੇ ਨਹੀਂ ਦਿਖਾਉਣਗੇ ਭਾਵੇਂਕਿ ਇਹ ਬਦਸੂਰਤ ਹਨ। ਉਹਨਾਂ ਨੇ ਕਿਹਾ ਕਿ ਇਨਫੈਕਟਿਡ ਹੋਣ ਵਾਲੇ ਲੋਕਾਂ ਵਿਚੋਂ ਕੁਝ ਫੀਸਦੀ ਹੀ ਲੋਕ ਬੀਮਾਰ ਪੈਣਗੇ ਅਤੇ ਉਹਨਾਂ ਵਿਚੋਂ ਵੀ ਕੁਝ ਨੂੰ ਹੀ ਆਈ.ਸੀ.ਯੂ. ਵਿਚ. ਰੱਖਣ ਦੀ ਲੋੜ ਹੋਵੇਗੀ। ਭਾਵੇਂਕਿ ਜਿਹੜੇ ਬੀਮਾਰ ਨਹੀਂ ਪੈਣਗੇ ਉਹ ਵੀ ਇਨਫੈਕਟਿਡ ਹੋ ਕੇ ਹੋਰ ਲੋਕਾਂ ਵਿਚ ਵਾਇਰਸ ਫੈਲਾਉਂਦੇ ਰਹਿਣਗੇ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਭਾਰਤ ਵਿਚ ਹੁਣ ਤੱਕ 566 ਪੁਸ਼ਟੀ ਮਾਮਲੇ ਮਿਲੇ ਹਨ। ਇਸ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 45 ਲੋਕ ਠੀਕ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹਜ਼ਾਰ ਦੇ ਪਾਰ ਹੋ ਚੁੱਕੀ ਹੈ।
 

Vandana

This news is Content Editor Vandana