ਕੋਰੋਨਾਵਾਇਰਸ ਕਾਰਨ ਆਖਰੀ ਸਮੇਂ ਬੇਟੀ ਨਹੀਂ ਫੜ ਸਕੀ ਮਾਂ ਦਾ ਹੱਥ, ਪੋਸਟ ਵਾਇਰਲ

03/17/2020 6:01:08 PM

ਲੰਡਨ (ਬਿਊਰੋ): ਇਕ ਬ੍ਰਿਟਿਸ਼ ਮਹਿਲਾ ਆਪਣੀ ਮਾਂ ਦੀ ਮੌਤ ਕਾਰਨ ਦੁਖੀ ਹੈ। ਮਹਿਲਾ ਨੂੰ ਮਾਂ ਦੀ ਮੌਤ ਨਾਲੋ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਮਾਂ ਦੇ ਆਖਰੀ ਪਲਾਂ ਵਿਚ ਉਹ ਉਸ ਦਾ ਹੱਥ ਵੀ ਨਹੀਂ ਫੜ ਸਕੀ।ਅਸਲ ਵਿਚ ਮਹਿਲਾ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਸੀ।ਇਸ ਕਾਰਨ ਇਲਾਜ ਲਈ ਉਸ ਨੂੰ ਵੱਖਰੇ ਰੱਖਿਆ ਗਿਆ ਸੀ। ਉਸ ਦੀ ਬੇਟੀ ਕੈਰੋਲਿਨ ਹਾਪਟਨ ਨੇ ਕਿਹਾ ਕਿ ਕੋਵਿਡ-19 ਨਾਲ ਇਨਫੈਕਟਿਡ ਪਾਏ ਜਾਣ ਦਾ ਮਤਲਬ ਸੀ ਕੀ ਉਸ ਨੂੰ ਵੱਖਰੇ ਕਰ ਦਿੱਤਾ ਗਿਆ ਸੀ। ਲਿਹਾਜਾ ਉਹ ਮਾਂ ਦੇ ਆਖਰੀ ਪਲਾਂ ਵਿਚ ਉਹਨਾਂ ਨਾਲ ਨਹੀਂ ਰਹਿ ਸਕੀ ਅਤੇ ਨਾ ਹੀ ਉਹਨਾਂ ਦਾ ਹੱਥ ਫੜ ਸਕੀ।

ਹਾਪਟਨ ਨੇ ਟਵਿੱਟਰ 'ਤੇ ਆਪਣੀ ਮਾਂ ਦੀ ਮੁਸਕੁਰਾਉਂਦੀ ਹੋਈ ਤਸਵੀਰ ਦੇ ਨਾਲ ਇਕ ਭਾਵਨਾਤਮਕ ਸ਼ਰਧਾਂਜਲੀ ਪੋਸਟ ਕੀਤੀ। ਉਸ ਨੇ ਲਿਖਿਆ,''ਕੋਰੋਨਾ ਨੇ ਕੱਲ ਰਾਤ ਮੇਰੀ ਪਿਆਰੀ ਮਾਂ ਦੇ ਆਖਰੀ ਪਲਾਂ ਵਿਚ ਉਸ ਦਾ ਹੱਥ ਫੜਨ ਤੋਂ ਮੈਨੂੰ ਰੋਕ ਦਿੱਤਾ। ਸ਼ਨੀਵਾਰ ਦੀ ਸਵੇਰ ਉਸ ਨੂੰ ਭਰਤੀ ਕਰਵਾਏ ਜਾਣ ਦੇ ਬਾਅਦ ਤੋਂ ਵੱਖਰੇ ਰੱਖਿਆ ਗਿਆ ਸੀ ਜਿੱਥੇ ਇਕੱਲੇ ਵਿਚ ਉਸ ਦੀ ਮੌਤ ਹੋ ਗਈ। ਉਹਨਾਂ ਦਾ ਇਸ ਤਰ੍ਹਾਂ ਜਾਣਾ ਮੇਰੇ ਲਈ ਹੋਰ ਵੀ ਜ਼ਿਆਦਾ ਦੁਖਦਾਈ ਸੀ। ਹੋਰ ਕਿੰਨੇ ਹੀ ਪਰਿਵਾਰ ਇਸ ਹਾਲਾਤ ਵਿਚੋਂ ਲੰਘਣਗੇ।''

ਇਸ ਪੋਸਟ ਨੂੰ ਇਕ ਹਜ਼ਾਰ ਤੋਂ ਜ਼ਿਆਦਾ ਵਾਰ ਰੀ-ਟਵੀਟ ਕੀਤਾ ਗਿਆ। ਕਈ ਲੋਕਾਂ ਨੇ ਕੁਮੈਂਟਸ ਸੈਕਸ਼ਨ ਵਿਚ ਸ਼ਰਧਾਂਜਲੀ ਦਿੱਤੀ। ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਮੈਂ ਕਲਪਨਾ ਕਰ ਸਕਦਾ ਹਾਂ ਕਿ ਇਹ ਕਿੰਝ ਦਾ ਮਹਿਸੂਸ ਹੁੰਦਾ ਹੈ।ਭਾਵੇਂਕਿ ਮੈਨੂੰ ਪਤਾ ਹੈ ਕਿ ਮਾਤਾ-ਪਿਤਾ ਨੂੰ ਗਵਾਉਣ 'ਤੇ ਕਿਹੋ ਜਿਹਾ ਲੱਗਦਾ ਹੈ। ਉਹ ਤੁਹਾਡੇ ਨਾਲ ਪਿਆਰ ਕਰਦੀ ਸੀ ਅਤੇ ਤੁਸੀਂ ਉਸ ਨਾਲ ਪਿਆਰ ਕਰਦੇ ਸੀ।'' ਇੱਥੇ ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਇਹ ਮਹਾਮਾਰੀ ਹੁਣ ਦੁਨੀਆ ਦੇ 160 ਤੋਂ ਵਧੇਰੇ ਦੇਸ਼ਾਂ ਵਿਚ ਫੈਲ ਚੁੱਕੀ ਹੈ। ਦੁਨੀਆ ਭਰ ਵਿਚ ਇਸ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ 7,400 ਦੇ ਪਾਰ ਹੋ ਚੁੱਕੀ ਹੈ ਜਦਕਿ 1,86,000 ਇਨਫੈਕਟਿਡ ਹਨ।

 

Vandana

This news is Content Editor Vandana