ਲੰਡਨ ਬ੍ਰਿਜ ਹਮਲੇ 'ਚ ਮਾਰੀ ਗਈ ਆਸਟਰੇਲੀਅਨ ਦਾ ਕੀਤਾ ਗਿਆ ਅੰਤਿਮ ਸੰਸਕਾਰ, ਪਰਿਵਾਰ ਨੇ ਦਿੱਤੀ ਸ਼ਰਧਾਂਜਲੀ

06/26/2017 12:18:33 PM


ਆਸਟਰੇਲੀਆ— ਲੰਡਨ ਬ੍ਰਿਜ ਹਮਲੇ 'ਚ ਮਾਰੀ ਗਈ ਆਸਟਰੇਲੀਅਨ ਔਰਤ ਕਿਸਟੀ ਬੋਡੇਨ ਦਾ ਅੱਜ ਭਾਵ ਸੋਮਵਾਰ ਨੂੰ ਅੰਤਿਮ ਸੰਸਕਾਰ ਕੀਤਾ। ਉਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਅਤੇ ਦੋਸਤਾਂ ਨੇ ਇਕੱਠੇ ਹੋ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਕਿਸਟੀ ਬੋਡੇਨ ਦੇ ਮਾਤਾ-ਪਿਤਾ, ਭਰਾ ਅਤੇ ਪ੍ਰੇਮੀ ਜੇਮਸ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਦੱਖਣੀ ਆਸਟਰੇਲੀਆ ਦੇ ਸ਼ਹਿਰ ਲੋਰਸਟਨ 'ਚ ਉਸ ਸ਼ਰਧਾਂਜਲੀ ਦਿੱਤੀ।
28 ਸਾਲਾ ਕਿਸਟੀ ਨੂੰ ਨੇੜੇ ਦੇ ਕਬਰਸਤਾਨ 'ਚ ਦਫਨਾਇਆ ਗਿਆ। ਹਜ਼ਾਰਾਂ ਦੀ ਗਿਣਤੀ 'ਚ ਲੋਕ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਇਕੱਠੇ ਹੋਏ। ਦੱਸਣ ਯੋਗ ਹੈ ਕਿ ਕਿਸਟੀ  ਪੇਸ਼ੇ ਤੋਂ ਨਰਸ ਸੀ, ਜੋ ਕਿ ਕੁਝ ਸਮਾਂ ਪਹਿਲਾਂ ਹੀ ਲੰਡਨ ਗਈ ਸੀ ਅਤੇ ਉੱਥੇ ਵੀ ਉਹ ਨਰਸ ਵਜੋਂ ਕੰਮ ਕਰ ਰਹੀ ਸੀ। ਇਸੇ ਮਹੀਨੇ ਹੋਏ ਲੰਡਨ ਬ੍ਰਿਜ ਹਮਲੇ ਦੌਰਾਨ ਕਿਸਟੀ ਮਾਰੀ ਗਈ ਸੀ। ਇਸ ਹਮਲੇ 'ਚ ਅੱਤਵਾਦੀਆਂ ਨੇ ਦੋ ਹਮਲੇ ਕੀਤੇ ਸਨ, ਪਹਿਲਾ ਹਮਲਾ ਲੰਡਨ ਬ੍ਰਿਜ ਅਤੇ ਦੂਜਾ ਬਾਰੋ ਮਾਰਕੀਟ 'ਚ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 48 ਹੋਰ ਜ਼ਖਮੀ ਹੋ ਗਏ ਸਨ। ਕਿਸਟੀ ਹਮਲੇ ਦੌਰਾਨ ਪੀੜਤਾਂ ਦੀ ਮਦਦ ਕਰਨ ਲਈ ਦੌੜੀ ਸੀ, ਜਿਸ 'ਚ ਉਸ ਦੀ ਵੀ ਮੌਤ ਹੋ ਗਈ ਸੀ। 
ਕਿਸਟੀ ਦੇ ਪ੍ਰੇਮੀ ਨੇ ਕਿਸਟੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਬਹਾਦਰ ਸੀ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੀ ਸੀ। ਸਾਨੂੰ ਉਸ 'ਤੇ ਮਾਣ ਹੈ, ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਲੋਕਾਂ ਦੀ ਜਾਨ ਬਚਾਉਣ ਲਈ ਅੱਗੇ ਗਈ। ਉਹ ਹਮੇਸ਼ਾ ਸਾਡੇ ਦਿਲਾਂ 'ਚ ਰਹੇਗੀ।