ਇੰਟਰਪੋਲ ਜ਼ਾਕਿਰ ਨਾਇਕ ਵਿਰੁੱਧ ''ਰੈੱਡ ਕਾਰਨਰ ਨੋਟਿਸ'' ਨਹੀਂ ਕਰੇਗਾ ਜਾਰੀ

07/29/2019 3:48:02 PM

ਲੰਡਨ (ਬਿਊਰੋ)— ਅੰਤਰਰਾਸ਼ਟਰੀ ਅਪਰਾਧਿਕ ਪੁਲਸ ਸੰਗਠਨ (interpol) ਨੇ ਇਕ ਵਾਰ ਫਿਰ ਇਸਲਾਮਿਕ ਪ੍ਰਚਾਰਕ ਡਾਕਟਰ ਜ਼ਾਕਿਰ ਨਾਇਕ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਇੰਟਰਪੋਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਜ਼ਾਕਿਰ ਵਿਰੁੱਧ ਦੋਸ਼ ਅਸਪਸ਼ੱਟ ਅਤੇ ਬੇਬੁਨਿਆਦ ਸਨ ਅਤੇ ਭਾਰਤੀ ਅਧਿਕਾਰੀ ਇੰਟਰਪੋਲ ਸਾਹਮਣੇ ਵਿਸ਼ਵਾਸਯੋਗ ਸਬੂਤ ਪੇਸ਼ ਕਰਨ ਅਤੇ ਉਚਿਤ ਪ੍ਰਕਿਰਿਆ ਦਾ ਪਾਲਣ ਕਰਨ ਵਿਚ ਅਸਫਲ ਰਹੇ। ਇਸ ਮਗਰੋਂ ਇੰਟਰਪੋਲ ਨੇ ਆਪਣੇ ਸਾਰੇ ਦਫਤਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਸਬੰਧ ਵਿਚ ਆਈਆਂ ਸਾਰੀਆਂ ਫਾਈਲਾਂ ਅਤੇ ਸੂਚਨਾਵਾਂ ਨੂੰ ਨਿਯਮਿਤ ਕੰਮਕਾਜ ਤੋਂ ਹਟਾ ਦੇਵੇ। 

 

ਇੰਟਰਪੋਲ ਨੇ ਭਾਰਤ ਨੂੰ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਭਾਰਤ ਛੱਡ ਕੇ ਮਲੇਸ਼ੀਆ ਵਿਚ ਰਹਿ ਰਹੇ ਡਾਕਟਰ ਨਾਇਕ ਵਿਰੁੱਧ ਸਬੂਤਾਂ ਦੀ ਕਮੀ ਅਤੇ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਸਾਬਤ ਨਾ ਹੋਣ ਕਾਰਨ ਨੋਟਿਸ ਜਾਰੀ ਨਾ ਕਰਨ ਦਾ ਫੈਸਲਾ ਲਿਆ ਹੈ। ਇੰਟਰਪੋਲ ਦੇ ਬੁਲਾਰੇ ਨੇ ਇਸ ਸਬੰਧ ਵਿਚ ਅਧਿਕਾਰਕ ਪੱਤਰ ਵਿਹਾਰ ਵੀ ਪ੍ਰੈੱਸ ਨਾਲ ਸਾਂਝਾ ਕੀਤਾ। ਇੰਟਰਪੋਲ ਨੇ 1-5 ਜੁਲਾਈ, 2019 ਨੂੰ ਆਯੋਜਿਤ 109ਵੇਂ ਸੈਸ਼ਨ ਦੌਰਾਨ ਆਪਣਾ ਫੈਸਲਾ ਲਿਆ। ਇਸ ਦੇ ਬਾਅਦ ਇਸ ਦੇ ਜਨਰਲ ਸੈਕਟਰੀ ਨੇ 15 ਜੁਲਾਈ, 2019 ਨੂੰ ਇੰਟਰਪੋਲ ਦੇ ਕਮਿਸ਼ਨ ਫੌਰ ਫਾਈਲਸ ਦੀ ਇਕ ਚਿੱਠੀ ਮੁਤਾਬਕ ਨਾਇਕ ਨਾਲ ਸਬੰਧਤ ਸਾਰੇ ਡਾਟਾ ਨੂੰ ਹਟਾਉਣ ਦਾ ਫੈਸਲਾ ਲਿਆ। 

ਅੰਤਰਰਾਸ਼ਟਰੀ ਪੱਧਰ 'ਤੇ ਇਹ ਫੈਸਲਾ ਭਾਰਤ ਸਰਕਾਰ ਲਈ ਇਕ ਝਟਕੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਹ ਤੀਜਾ ਮੌਕਾ ਹੈ ਜਦੋਂ ਇੰਟਰਪੋਲ ਨੇ ਜ਼ਾਕਿਰ ਨਾਈਕ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦਾ ਦੋਸ਼ ਹੈ ਕਿ ਜ਼ਾਕਿਰ ਇਸਲਾਮੀ ਪ੍ਰਚਾਰਕ ਭਾਰਤ ਵਿਚ ਕੱਟੜਪੰਥੀ ਪ੍ਰਚਾਰ ਜ਼ਰੀਏ ਧਾਰਮਿਕ ਜਨੂੰਨ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਭਾਰਤ ਨੇ ਨਾਇਕ 'ਤੇ ਅੱਤਵਾਦ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਜ਼ਾਕਿਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਇੱਥੇ ਦੱਸ ਦਈਏ ਕਿ ਗ੍ਰਹਿ ਮੰਤਰਾਲੇ ਦੇ ਮਾਧਿਅਮ ਨਾਲ ਭਾਰਤ ਸਰਕਾਰ ਨੇ ਨਵੰਬਰ 2016 ਵਿਚ ਡਾਕਟਰ ਨਾਇਕ ਅਤੇ ਉਨ੍ਹਾਂ ਦੇ ਸੰਗਠਨ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈ.ਆਰ.ਐੱਫ.) 'ਤੇ ਪਾਬੰਦੀ ਲਗਾ ਦਿੱਤੀ ਸੀ।

ਜਾਣੋ ਜ਼ਾਕਿਰ ਨਾਇਕ ਦੇ ਬਾਰੇ 'ਚ
ਜ਼ਾਕਿਰ ਨਾਇਕ ਇਕ ਇਸਲਾਮੀ ਪ੍ਰਚਾਰਕ ਹੈ। ਇਸ ਨੂੰ ਸਲਾਫੀ ਵਿਚਾਰਧਾਰਾ ਦਾ ਫਾਲੋਅਰ ਮੰਨਿਆ ਜਾਂਦਾ ਹੈ। ਉਹ ਇਸਲਾਮਿਕ ਰਿਸਰਚ ਫਾਊਂਡੇਸ਼ਨ ਦਾ ਸੰਸਥਾਪਕ ਅਤੇ ਪ੍ਰਧਾਨ ਹੈ। ਇਸ ਦੇ ਇਲਾਵਾ ਉਹ ਪੀਸ ਟੀ.ਵੀ. ਚੈਨਲ ਦਾ ਸੰਸਥਾਪਕ ਵੀ ਹੈ। ਜ਼ਾਕਿਰ ਕਈ ਇਸਲਾਮੀ ਪ੍ਰਚਾਰਕਾਂ ਦੇ ਉਲਟ ਸਧਾਰਨ ਬੋਲਚਾਲ ਦੀ ਭਾਸ਼ਾ ਵਿਚ ਆਪਣੇ ਉਪਦੇਸ਼ ਦਿੰਦਾ ਹੈ। ਧਰਮ ਦਾ ਜਨਤਕ ਪ੍ਰਚਾਰਕ ਬਣਨ ਤੋਂ ਪਹਿਲਾਂ ਜ਼ਾਕਿਰ ਡਾਕਟਰ ਸੀ। ਬਾਅਦ ਵਿਚ ਉਸ ਦੇ ਵਿਚਾਰਾਂ ਵਿਚ ਕੱਟੜਤਾ ਆ ਗਈ ਅਤੇ ਚੋਰੀ-ਚੋਰੀ ਅੱਤਵਾਦੀਆਂ ਨੂੰ ਸ਼ਰਨ ਦੇਣ ਲੱਗਾ। ਫਿਲਹਾਲ ਉਹ ਮਲੇਸ਼ੀਆ ਵਿਚ ਰਹਿ ਰਿਹਾ ਹੈ।


Vandana

Content Editor

Related News