ਸਿੱਖ ਕਮਿਊਨਿਟੀ ਸੈਂਟਰ ਕਾਵੈਂਟਰੀ ਵਿਖੇ ''ਗੁਰਮਤਿ ਤੇ ਸੰਗੀਤ'' ਵਿਸ਼ੇ ਸੰਬੰਧੀ ਵਿਸ਼ੇਸ਼ ਸੈਮੀਨਾਰ

11/26/2019 2:07:09 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕਾਵੈਂਟਰੀ ਸਥਿਤ ਸਿੱਖ ਕਮਿਊਨਿਟੀ ਸੈਂਟਰ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਮਤਿ ਅਤੇ ਸੰਗੀਤ ਵਿਸ਼ੇ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਕੁਲਵੰਤ ਸਿੰਘ ਢੇਸੀ ਅਤੇ ਸੰਗੀਤਕਾਰ ਉਸਤਾਦ ਬਲਦੇਵ ਮਸਤਾਨਾ ਜੀ ਨੇ ਕਿਹਾ,''ਗੁਰਮਿਤ ਅਤੇ ਸੰਗੀਤ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਆ ਰਹੇ ਹਨ। ਗੁਰੁ ਸਾਹਿਬਾਨਾਂ ਨੇ ਆਪਣੇ ਪ੍ਰਚਾਰ ਸਾਧਨਾਂ ਨੂੰ ਆਮ ਲੋਕਾਂ ਵਿੱਚ ਲਿਜਾਣ ਲਈ ਸੰਗੀਤ ਨੂੰ ਪਹਿਲ ਦਿੱਤੀ। ਸਮੁੱਚੀ ਬਾਣੀ ਦਾ ਸੰਗੀਤਕ ਰਾਗਾਂ ਵਿੱਚ ਹੋਣਾ ਇਸ ਦੀ ਪੁਖ਼ਤਾ ਉਦਾਹਰਨ ਹੈ। ਸੰਗੀਤ ਮਨੁੱਖੀ ਮਨ ਨੂੰ ਇਕਾਗਰਤਾ ਪ੍ਰਦਾਨ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਸੋਨੇ 'ਤੇ ਸੁਹਾਗੇ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਗੁਰੁ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਉਸਤਤ ਨੂੰ ਸੰਗੀਤ ਰਾਹੀਂ ਸੰਗਤਾਂ ਦੇ ਸਨਮੁੱਖ ਕੀਤਾ ਜਾਂਦਾ ਹੈ।''

ਇਸ ਸਮਾਗਮ ਦੌਰਾਨ ਭਾਈਚਾਰੇ ਦੇ ਰੇਡੀਓ ਪੰਜ ਦੇ ਮੁੱਖ ਸੇਵਾਦਾਰ ਅਤੇ ਗਾਇਕ ਸ਼ਿੰਦਾ ਸੁਰੀਲਾ ਦਾ ਗੀਤ “ਨਾਨਕ ਦੇ ਘਰ'' ਵੀ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਰੂਪ ਦਵਿੰਦਰ ਕੌਰ ਨਾਹਲ, ਕੇਬੀ ਢੀਂਡਸਾ, ਜਸਵਿੰਦਰ ਸਿੰਘ ਤੂਰ, ਮਲਕੀਤ ਕੌਰ, ਕੌਂਸਲਰ ਰੁਪਿੰਦਰ ਸਿੰਘ, ਸ਼ਿੰਦਾ ਸੁਰੀਲਾ, ਰਾਜ ਛੋਕਰ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਇਸ ਸੱਚੀ ਸੁੱਚੀ ਲਿਖਤ ਦੀ ਰੱਜਵੀਂ ਪ੍ਰਸ਼ੰਸਾ ਕੀਤੀ, ਉੱਥੇ ਸਮੁੱਚੀ ਟੀਮ ਦੇ ਵਿਲੱਖਣ ਕਾਰਜ ਨੂੰ ਸਲਾਹੁੰਦਿਆਂ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਨਤਮਸਤਕ ਇਸ ਗੀਤ ਦੀ ਵਿਲੱਖਣਤਾ ਹੀ ਇਹ ਹੈ ਕਿ ਇਸ ਗੀਤ ਵਿੱਚ ਕਿਸੇ ਵੀ ਕਲਪਿਤ ਤਸਵੀਰ ਦਾ ਸਹਾਰਾ ਲੈਣ ਨਾਲੋਂ ਗੁਰੂ ਜੀ ਦੇ ਸ਼ਬਦ ਨੂੰ ਸਤਿਕਾਰ ਵਜੋਂ ਉਚਾਰਿਆ ਗਿਆ ਹੈ।

Vandana

This news is Content Editor Vandana