10 ਲੱਖ ਜੀਵਾਣੂਆਂ ਦੀ ਮਦਦ ਨਾਲ ਬਣਾਈ ਗਈ ਮੋਨਾਲੀਸਾ ਦੀ ਤਸਵੀਰ ਦੀ ਨਕਲ

08/19/2018 11:51:00 AM

ਲੰਡਨ (ਬਿਊਰੋ)— ਵਿਗਿਆਨੀਆਂ ਨੇ ਕਰੀਬ 10 ਲੱਖ ਜੀਵਾਣੂਆਂ ਦੀ ਵਰਤੋਂ ਕਰ ਕੇ ਇਟਲੀ ਦੇ ਕਲਾਕਾਰ ਲਿਓਨਾਰਡੋ ਦੀ ਵਿੰਚੀ ਦੀ ਇਤਿਹਾਸਿਕ ਪੇਂਟਿੰਗ ਮੋਨਾਲੀਸਾ ਦੀ ਤਸਵੀਰ ਦੀ ਛੋਟੀ ਨਕਲ ਤਿਆਰ ਕੀਤੀ ਹੈ। ਇਹ ਸਾਰੇ ਜੀਵਾਣੂ ਰੋਸ਼ਨੀ 'ਤੇ ਪ੍ਰਤੀਕਿਰਿਆ ਦੇਣ ਵਿਚ ਸਮਰੱਥ ਸਨ। ਵਿਗਿਆਨੀਆਂ ਨੇ ਪ੍ਰਕਾਸ਼ ਦੀ ਮਦਦ ਨਾਲ ਜੀਵਾਣੂਆਂ ਦੀ ਗਤੀ ਨੂੰ ਕੰਟਰੋਲ ਕਰ ਕੇ ਇਹ ਕਾਰਨਾਮਾ ਕਰ ਕੇ ਦਿਖਾਇਆ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਜੀਵਾਣੂਆਂ ਨੂੰ ਕੰਟਰੋਲ ਕਰਨ ਮਗਰੋਂ ਇਹ ਇਕ ਛੋਟੀ ਇੱਟ ਦੀ ਤਰ੍ਹਾਂ ਕੰਮ ਕਰਨ ਲੱਗੇ, ਜਿਨ੍ਹਾਂ ਦੀ ਮਦਦ ਨਾਲ ਭਵਿੱਖ ਵਿਚ ਮਾਈਕ੍ਰੋਸਕੋਪਿਕ ਡਿਵਾਈਸ ਦਾ ਨਿਰਮਾਣ ਸੰਭਵ ਹੈ। 

ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਈ ਕੋਲੀ ਨਾਮ ਦੇ ਜੀਵਾਣੂ ਨੂੰ ਬਿਹਤਰੀਨ ਤੈਰਾਕ ਮੰਨਿਆ ਜਾਂਦਾ ਹੈ। ਉਹ ਆਪਣੇ ਆਕਾਰ ਤੋਂ 10 ਗੁਣਾ ਵਧੇਰੇ ਦੂਰੀ ਨੂੰ ਇਕ ਸੈਕੰਡ ਵਿਚ ਤੈਅ ਕਰ ਸਕਦੇ ਹਨ। ਉਨ੍ਹਾਂ ਦੇ ਅੰਦਰ ਮੋਟਰ ਨਾਲ ਚੱਲਣ ਵਾਲੇ ਪ੍ਰੋਪੈਲਰ ਹੁੰਦੇ ਹਨ। ਇਨ੍ਹਾਂ ਮੋਟਰਾਂ ਨੂੰ ਆਕਸੀਜਨ ਦੀ ਮਦਦ ਨਾਲ ਰੀਚਾਰਜ ਕੀਤਾ ਜਾਂਦਾ ਹੈ। ਇਟਲੀ ਦੀ ਰੋਮ ਯੂਨੀਵਰਸਿਟੀ ਦੇ ਵਿਗਿਆਨੀ ਗਿਏਕੋਮੋ ਫ੍ਰਾਂਜ਼ੀਪਾਨੇ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਨੁੱਖ ਭੀੜ ਵਿਚ ਹੌਲੀ-ਹੌਲੀ ਤੁਰਦਾ ਹੈ ਉਸੇ ਤਰ੍ਹਾਂ ਤੈਰਨ ਵਾਲੇ ਬੈਕਟੀਰੀਆ ਵੀ ਹੌਲੀ ਖੇਤਰਾਂ ਵਿਚ ਜ਼ਿਆਦਾ ਸਮਾਂ ਲਗਾਉਂਦੇ ਹਨ। ਇਸ ਗੁਣ ਦੀ ਵਰਤੋਂ ਜੀਵਾਣੂਆਂ ਨੂੰ ਕੋਈ ਵੀ ਆਕਾਰ ਦੇਣ ਵਿਚ ਕੀਤੀ ਜਾ ਸਕਦੀ ਹੈ। 

ਇੰੰਝ ਬਣਾਈ ਪੇਂਟਿੰਗ
ਸ਼ੋਧ ਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੋਨਾਲੀਸਾ ਦੀ ਪੇਂਟਿੰਗ ਦੇ ਨੇਗੇਟਿਵ 'ਤੇ ਜੀਵਾਣੂਆਂ ਨੂੰ ਪ੍ਰਕਾਸ਼ ਦੀ ਮਦਦ ਨਾਲ ਚਲਾਇਆ। ਉਨ੍ਹਾਂ ਨੇ ਦੇਖਿਆ ਕਿ ਹਨੇਰੇ ਵਾਲੇ ਖੇਤਰ ਵਿਚ ਜੀਵਾਣੂ ਇਕੱਠੇ ਹੋ ਰਹੇ ਸਨ ਜਦਕਿ ਪ੍ਰਕਾਸ਼ ਵਾਲੇ ਖੇਤਰ ਤੋਂ ਦੂਰ ਜਾ ਰਹੇ ਸਨ। ਕਰੀਬ 4 ਮਿੰਟ ਤੱਕ ਇਸ ਪ੍ਰਕਿਰਿਆ ਦੇ ਬਾਅਦ ਵਿਗਿਆਨੀਆਂ ਨੇ ਮੋਨਾਲੀਸਾ ਦੀ ਤਸਵੀਰ ਦੀ ਨਕਲ ਤੈਆਰ ਕਰਨ ਵਿਚ ਸਫਲਤਾ ਹਾਸਲ ਕੀਤੀ।