ਲੰਡਨ : ਰੋਇਲ ਨੇਵੀ ਪਣਡੁੱਬੀ ਦੇ 3 ਜਲ ਸੈਨਿਕ ਕੋਕੀਨ ਲੈਂਦੇ ਫੜੇ ਗਏ

06/03/2019 9:56:49 AM

ਲੰਡਨ (ਬਿਊਰੋ)— ਬ੍ਰਿਟਿਸ਼ ਰੋਇਲ ਨੇਵੀ ਦੇ ਤਿੰਨ ਫੌਜੀ ਪਰਮਾਣੂ ਬੰਬ ਨਾਲ ਲੈਸ ਸਬਮਰੀਨ (ਪਣਡੁੱਬੀ) ਐੱਚ.ਐੱਮ.ਐੱਸ. ਵੇਨਜੇਂਸ ਵਿਚ ਕੋਕੀਨ ਲੈਂਦੇ ਫੜੇ ਗਏ। ਇਨ੍ਹਾਂ ਨੂੰ ਅਮਰੀਕਾ ਦੇ ਫਲੋਰੀਡਾ ਬੰਦਰਗਾਹ ਦੇ ਕਰੀਬ ਫੜਿਆ ਗਿਆ, ਜਿੱਥੇ ਤਿੰਨਾਂ ਨੂੰ ਲਾਜ਼ਮੀ ਡਰੱਗ ਟੈਸਟ ਵਿਚ ਫੇਲ ਪਾਇਆ ਗਿਆ। ਰਿਪੋਰਟਾਂ ਮੁਤਾਬਕ ਤਿੰਨਾਂ ਦੇ ਯੂਰਿਨ ਟੈਸਟ ਕੀਤੇ ਗਏ ਸਨ। ਫਿਰ ਪਣਡੁੱਬੀ ਨੂੰ ਸਕਾਟਲੈਂਡ ਸਥਿਤ ਬੇਸ 'ਤੇ ਭੇਜ ਦਿੱਤਾ ਗਿਆ। 

ਇਕ ਸਮਾਚਾਰ ਏਜੰਸੀ ਨੇ ਮਿਲਟਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਫੜੇ ਗਏ ਤਿੰਨੇ ਸਮੁੰਦਰੀ ਫੌਜੀ ਐੱਚ.ਐੱਮ.ਐੱਸ. ਵੇਨਜੇਂਸ 'ਤੇ ਤਾਇਨਾਤ ਕੋਕੀਨ ਲੈਣ ਵਾਲੇ ਵੱਡੇ ਸਮੂਹ ਦਾ ਹਿੱਸਾ ਹਨ। ਭਾਵੇਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਫੌਜੀ ਫੜੇ ਨਹੀਂ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਨੇ ਡਰੱਗਜ਼ ਨੂੰ ਖੂਨ ਵਿਚੋਂ ਬਾਹਰ ਕਰਨ ਲਈ ਜ਼ਿਆਦਾ ਮਾਤਰਾ ਵਿਚ ਪਾਣੀ ਪੀਤਾ ਸੀ ਜਿਸ ਕਾਰਨ ਉਹ ਟੈਸਟ ਦੌਰਾਨ ਬਚ ਨਿਕਲੇ। 

ਇੱਥੇ ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਹੀ ਰੋਇਲ ਨੇਵੀ ਦੀ ਇਕ ਹੋਰ ਪਣਡੁੱਬੀ ਐੱਚ.ਐੱਮ.ਐੱਸ. ਟੈਲੇਂਟ ਤੋਂ ਵੀ 7 ਸਮੁੰਦਰੀ ਫੌਜੀਆਂ ਦੇ ਕੋਕੀਨ ਲੈਣ ਦਾ ਖੁਲਾਸਾ ਹੋਇਆ ਸੀ। ਭਾਵੇਂਕਿ ਐੱਚ.ਐੱਮ.ਐੱਸ. ਵੇਨਜੇਂਸ ਮਾਮਲਾ ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ਵਿਚ 16 ਤੋਂ ਜ਼ਿਆਦਾ ਪਰਮਾਣੂ ਹਥਿਆਰ ਮੌਜੂਦ ਹਨ। ਨਾਲ ਹੀ ਇਸ ਵਿਚ ਟ੍ਰਾਈਡੈਂਟ ਨਿਊਕਲੀਅਰ ਮਿਜ਼ਾਈਲਾਂ ਵੀ ਹਨ ਜੋ 10 ਹਜ਼ਾਰ ਕਿਲੋਮੀਟਰ ਦੀ ਸੀਮਾ ਵਿਚ ਲੱਖਾਂ ਲੋਕਾਂ ਦੀ ਜਾਨ ਲੈ ਸਕਦੀਆਂ ਹਨ। 

ਮਾਹਰਾਂ ਮੁਤਾਬਕ ਇਹ ਮਿਜ਼ਾਈਲਾਂ ਜਾਪਾਨੀ ਸ਼ਹਿਰ ਹਿਰੋਸ਼ੀਮਾ ਨੂੰ ਉਡਾਉਣ ਵਾਲੇ ਬੰਬ ਤੋਂ ਅੱਠ ਗੁਣਾ ਜ਼ਿਆਦਾ ਤਾਕਤਵਰ ਹਨ। ਪਣਡੁੱਬੀ ਵਿਚ ਲੱਗੀ ਮਿਜ਼ਾਈਲ ਦੀਆਂ ਤਿੰਨ ਟੈਸਟਿੰਗ ਹੋਈਆਂ ਸਨ। ਇਸ ਵਿਚ ਮਿਜ਼ਾਈਲ ਦੀ ਗਤੀ ਕਰੀਬ 21 ਹਜ਼ਾਰ ਕਿਲੋਮੀਟਰ ਪ੍ਰਤੀਘੰਟਾ ਰਹੀ ਸੀ।

Vandana

This news is Content Editor Vandana