ਤਿਰੰਗੇ ਲਈ ਖਾਲਿਸਤਾਨੀਆਂ ਨਾਲ ਭਿੜ ਗਈ ਮਹਿਲਾ ਪੱਤਰਕਾਰ (ਵੀਡੀਓ)

08/19/2019 11:45:51 AM

ਲੰਡਨ (ਏਜੰਸੀ)— ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਭਾਰਤੀਆਂ ਨੇ ਝੰਡਾ ਲਹਿਰਾ ਕੇ ਜਸ਼ਨ ਮਨਾਇਆ। ਬ੍ਰਿਟੇਨ ਦੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਵੀ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਉੱਥੇ ਪਾਕਿਸਤਾਨ ਅਤੇ ਖਾਲਿਸਤਾਨ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਨਾਲ ਹੀ ਉਹ ਗੁੰਡਾਗਰਦੀ 'ਤੇ ਉਤਰ ਆਏ। 

ਜਦੋਂ ਲੰਡਨ ਵਿਚ ਖਾਲਿਸਤਾਨੀ ਸਮਰਥਕ ਪ੍ਰਦਰਸ਼ਨਕਾਰੀ ਤਿਰੰਗੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉੱਥੇ ਮੌਜੂਦ ਭਾਰਤੀ ਪੱਤਰਕਾਰ ਪੂਨਮ ਜੋਸ਼ੀ ਉਨ੍ਹਾਂ ਨਾਲ ਭਿੜ ਗਈ। ਪੂਨਮ ਨੇ ਤੇਜ਼ੀ ਨਾਲ ਉਨ੍ਹਾਂ ਕੋਲੋਂ ਤਿਰੰਗਾ ਖੋਹ ਲਿਆ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਇਸ ਸਬੰਧੀ ਵੀਡੀਓ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ।

 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਸਮਾਚਾਰ ਏਜੰਸੀ ਵੱਲੋਂ ਪੂਨਮ ਜੋਸ਼ੀ ਦੀ ਦੇਸ਼ਭਗਤੀ ਅਤੇ ਬਹਾਦੁਰੀ ਜਲਦੀ ਹੀ ਟਵਿੱਟਰ 'ਤੇ ਟਰੈਂਡ ਕਰਨ ਲੱਗੀ। ਲੋਕ ਪੂਨਮ ਜੋਸ਼ੀ ਦੇ ਜਜ਼ਬੇ ਅਤੇ ਬਹਾਦੁਰੀ ਨੂੰ ਸਲਾਮ ਕਰ ਰਹੇ ਹਨ। ਗੋਪਾਲ ਤ੍ਰਿਵੇਦੀ ਨਾਮ ਦੇ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਸਾਨੂੰ ਪੂਨਮ ਜੋਸ਼ੀ 'ਤੇ ਮਾਣ ਹੈ। ਅਜਿਹੇ ਭਾਰਤੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਆਪਣੀ ਪੋਸਟ ਨਾਲ ਵਿਦੇਸ਼ ਮੰਤਰਾਲੇ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਪ੍ਰਸ਼ਾਦ ਦਾ ਵੀ ਜ਼ਿਕਰ ਕੀਤਾ ਹੈ।

ਟਵਿੱਟਰ ਯੂਜ਼ਰ ਆਦਿਤਯ ਰਾਜ ਕੌਲ ਨੇ ਲਿਖਿਆ ਕਿ ਬਹੁਤ ਵਧੀਆ ਬਹਾਦੁਰ ਪੂਨਮ ਜੋਸ਼ੀ! ਸਾਨੂੰ ਤੁਹਾਡੇ 'ਤੇ ਮਾਣ ਹੈ। ਇਸ ਦੇ ਇਲਾਵਾ ਫੇਸਬੁੱਕ ਯੂਜ਼ਰ ਤੁਸ਼ਾਰ ਵੀ ਰਾਜਪੂਤ ਨੇ ਲਿਖਿਆ ਕਿ ਸ਼ੇਰ ਦਿਲ ਭਾਰਤੀ ਪੂਨਮ ਜੋਸ਼ੀ ਤੁਹਾਡੇ 'ਤੇ ਮਾਣ ਹੈ। ਇਸ ਸਭ ਬਾਰੇ ਜਾਣ ਕੇ ਪੂਨਮ ਜੋਸ਼ੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ,''ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਦੇਸ਼ ਦੇ ਝੰਡੇ ਨੂੰ ਬਚਾਉਣ ਲਈ ਕੀਤੇ ਗਏ ਮਾਮੂਲੀ ਕੰਮ ਲਈ ਮੈਂ ਟਵਿੱਟਰ 'ਤੇ ਟਰੈਂਡ ਕਰਨ ਲਗਾਂਗੀ।''

Vandana

This news is Content Editor Vandana