ਲੰਡਨ : 3 ਸਿੱਖ ਨੌਜਵਾਨਾਂ ਦੇ ਕਤਲ ਦੀ ਖਬਰ ਨੇ ਮਚਾਈ ਤਰਥੱਲੀ

01/20/2020 11:58:01 PM

ਲੰਡਨ (ਮਨਦੀਪ ਖੁਰਮੀ)- ਪੂਰਬੀ ਲੰਡਨ ਦੇ ਸਹਿਰ ਇਲਫੋਰਡ ਦੀ ਐਲਮਸਟੈੱਡ ਰੋਡ ਵਿਖੇ ਤਿੰਨ ਸਿੱਖ ਨੌਜਵਾਨਾਂ ਦਾ ਕਤਲ ਹੋਣ ਦੀ ਖਬਰ ਨੇ ਤਰਥੱਲੀ ਮਚਾਈ ਹੋਈ ਹੈ। ਕਰਤੂਤ ਬੇਸ਼ੱਕ 5-7 ਜਣਿਆਂ ਦੀ ਹੋਵੇ ਪਰ ਸਮੁੱਚਾ ਭਾਈਚਾਰਾ ਕਟਿਹਰੇ ਵਿੱਚ ਆਣ ਖੜ੍ਹਾ ਹੁੰਦਾ ਹੈ। ਇਸ ਘਟਨਾ ਕਰਕੇ ਵੀ ਪਹਿਲਾਂ ਆਈਆਂ ਖਬਰਾਂ 'ਚ ਸਿਰਫ ਇਹੀ ਕਿਹਾ ਜਾ ਰਿਹਾ ਸੀ ਕਿ "ਸਿੱਖ ਨੌਜਵਾਨਾਂ ਦੇ ਗਰੁੱਪ 'ਤੇ ਹਮਲਾ ਕਰਕੇ ਤਿੰਨ ਦਾ ਕਤਲ ਕਰ ਦਿੱਤਾ ਹੈ" ਪਰ ਦੇਰ ਸ਼ਾਮ ਤੱਕ ਦੀਆਂ ਖਬਰਾਂ ਦੱਸਦੀਆਂ ਹਨ ਕਿ ਇਹ ਲੜਾਈ ਪੰਜਾਬੀ ਮੁੰਡਿਆਂ ਦੇ ਹੀ ਦੋ ਗਰੁੱਪਾਂ ਦਰਮਿਆਨ ਹੀ ਹੋਈ ਹੈ। ਬੇਸ਼ੱਕ ਸਿੱਖ ਭਾਈਚਾਰੇ ਨਾਲ ਸੰਬੰਧਤ ਹੁਣ ਤੱਕ ਅਜਿਹੀ ਘਟਨਾ ਵੱਲੋਂ ਸੁੱਖ-ਸਾਂਦ ਹੀ ਰਹੀ ਹੈ, ਪਰ ਇਸ ਘਟਨਾ ਨੇ ਇੱਕ ਵਾਰ ਸਿੱਖ ਭਾਈਚਾਰੇ ਨੂੰ ਚਰਚਾ ਵਿੱਚ ਲੈ ਆਂਦਾ ਹੈ।

ਜੇ ਇਹ ਕਤਲ ਵਾਕਿਆ ਹੀ ਸਿੱਖ ਨੌਜਵਾਨਾਂ ਦੇ ਹੀ ਦੋ ਗਰੁੱਪਾਂ ਦੀ ਆਪਸੀ ਖਹਿਬਾਜ਼ੀ ਕਰਕੇ ਹੋਏ ਹਨ ਤਾਂ ਨਿਰਸੰਦੇਹ ਇਹੀ ਕਿਹਾ ਜਾਵੇਗਾ ਕਿ ਇੱਜ਼ਤ ਕਮਾਉਣ ਲਈ ਪਹਿਲੀਆਂ ਪੀੜ੍ਹੀਆਂ ਨੇ ਆਪਣਾ ਖ਼ੂਨ ਪਸੀਨਾ ਇੱਕ ਕੀਤਾ ਸੀ, ਪਰ ਸਾਡੇ 'ਸ਼ੇਰਬੱਗੇ' ਓਹਨਾਂ ਦੀ ਕਮਾਈ ਨੂੰ ਖੇਹ ਕਰਕੇ ਔਹ ਗਏ, ਔਹ ਗਏ। ਦੱਸਣਯੋਗ ਹੈ ਕਿ ਇਸ ਕਤਲੇਆਮ ਵਿੱਚ ਹੁਣ ਤੱਕ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪੂਰੀ ਤਸਵੀਰ ਇੱਕ ਦੋ ਦਿਨ ਵਿੱਚ ਸਾਫ ਹੋ ਜਾਣ ਦੀ ਉਮੀਦ ਹੈ। ਹਾਲ ਦੀ ਘੜੀ ਮਰਨ ਵਾਲਿਆਂ ਦੇ ਨਾਮ ਬਲਜੀਤ ਸਿੰਘ, ਨਰਿੰਦਰ ਸਿੰਘ ਤੇ ਹਰਿੰਦਰ ਕੁਮਾਰ ਦੱਸੇ ਜਾ ਰਹੇ ਹਨ। ਕਤਲ ਦੌਰਾਨ ਤੇਜ਼ਧਾਰ ਹਥਿਆਰ ਦੇ ਨਾਲ ਨਾਲ ਹਥੌੜੇ ਦੀ ਵਰਤੋਂ ਕੀਤੀ ਗਈ ਹੈ ਤੇ ਲੜਨ-ਮਰਨ ਵਾਲੇ ਕਿੱਤੇ ਵਜੋਂ ਬਿਲਡਰ (ਉਸਾਰੀ ਕਾਮੇ) ਦੱਸੇ ਜਾ ਰਹੇ ਹਨ। ਇਕੱਠੇ ਪੈੱਗ ਪਰੇਡ ਕਰਨ ਤੋਂ ਤਕਰਾਰ ਹਿੰਸਕ ਹੋ ਕੇ ਕਤਲਾਂ ਤੱਕ ਪਹੁੰਚ ਗਈ। ਕਤਲਾਂ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਮੰਨਿਆ ਜਾ ਰਿਹਾ ਹੈ।
 

Sunny Mehra

This news is Content Editor Sunny Mehra