ਲੰਡਨ : ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ''ਲਿਵਿੰਗ ਲੀਜੈਂਡ ਐਵਾਰਡ'' ਨਾਲ ਸਨਮਾਨਿਤ

01/28/2023 9:29:17 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਨੈਸ਼ਨਲ ਇੰਡੀਅਨ ਸਟੂਡੈਂਟਸ ਅਤੇ ਅਲੂਮਨੀ ਯੂਨੀਅਨ ਯੂਕੇ ਵੱਲੋਂ ਇੱਕ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੂੰ ਲਿਵਿੰਗ ਲੀਜੈਂਡ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਸ ਪੁਰਸਕਾਰ ਲਈ ਪ੍ਰਸ਼ੰਸਾ ਪੱਤਰ ਵਿੱਚ ਨੈਸ਼ਨਲ ਇੰਡੀਅਨ ਸਟੂਡੈਂਟਸ ਅਤੇ ਅਲੂਮਨੀ ਯੂਨੀਅਨ ਯੂਕੇ ਨੇ ਵਰਿੰਦਰ ਸ਼ਰਮਾ ਦੀ ਆਪਣੇ ਕੰਮ ਪ੍ਰਤੀ ਵਚਨਬੱਧਤਾ, ਮਹਾਮਾਰੀ ਦੇ ਦੌਰਾਨ ਯੂਕੇ ਵਿੱਚ ਭਾਰਤੀ ਵਿਦਿਆਰਥੀਆਂ ਲਈ ਉਸਦੀ ਅਣਥੱਕ ਸਹਾਇਤਾ ਅਤੇ ਉਸਦੀ ਆਪਣੀ ਰਾਜਨੀਤਿਕ ਯਾਤਰਾ ਲਈ ਪ੍ਰਸ਼ੰਸਾ ਕੀਤੀ। ਇਸਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਯੂਕੇ ਵਿੱਚ ਆਪਣੀ ਪੜ੍ਹਾਈ ਅਤੇ ਸਿਆਸੀ ਲੀਡਰਸ਼ਿਪ ਦੀ ਮਾਨਤਾ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ।

ਇਨਾਮ ਵੰਡ ਸਮਾਗਮ ਤੋਂ ਬਾਅਦ ਬੋਲਦਿਆਂ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਪੁਰਸਕਾਰ ਮਿਲਣਾ ਇੱਕ ਬਹੁਤ ਵੱਡਾ ਸਨਮਾਨ ਹੈ ਅਤੇ ਮੈਨੂੰ ਨੈਸ਼ਨਲ ਇੰਡੀਅਨ ਸਟੂਡੈਂਟਸ ਅਤੇ ਅਲੂਮਨੀ ਯੂਨੀਅਨ ਯੂਕੇ ਨਾਲ ਸਾਲਾਂ ਤੋਂ ਕੰਮ ਕਰਦੇ ਆਉਣ ਦੀ ਬੇਹੱਦ ਖੁਸ਼ੀ ਹੈ। ਉਹਨਾਂ ਕਿਹਾ ਕਿ ਯੂਨੀਅਨ ਵੱਲੋਂ ਯੂਕੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਹੱਕਾਂ ਲਈ ਖੜ੍ਹੇ ਹੋਣਾ ਬਹੁਤ ਵੱਡੀ ਗੱਲ ਹੈ। ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਨੇ ਇਸ ਮਾਣਮੱਤੇ ਸਨਮਾਨ ਲਈ ਨੈਸ਼ਨਲ ਇੰਡੀਅਨ ਸਟੂਡੈਂਟਸ ਅਤੇ ਅਲੂਮਨੀ ਯੂਨੀਅਨ ਯੂਕੇ ਦਾ ਧੰਨਵਾਦ ਕੀਤਾ।

Mandeep Singh

This news is Content Editor Mandeep Singh