ਗਲਾਸਗੋ ਵਿਖੇ ਭਾਰਤੀ ਦੂਤਘਰ ਵੱਲੋਂ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ

08/28/2019 3:22:21 PM

ਲੰਡਨ (ਮਨਦੀਪ ਖੁਰਮੀ)- ਗਲਾਸਗੋ ਦੇ ਲੋਰਨ ਹੋਟਲ ਵਿੱਚ ਭਾਰਤੀ ਦੂਤਘਰ ਵੱਲੋਂ 72ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸਕਾਟਲੈਂਡ ਵਿੱਚ ਭਾਰਤੀ ਰਾਜਦੂਤ ਸ੍ਰੀਮਤੀ ਅੰਜੂ ਰਾਜਨ ਨੇ ਕੀਤੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਮਹਾਂਸ਼ਕਤੀ ਬਣਾਉਣ ਵਿੱਚ ਪਰਦੇਸੀਆਂ ਦਾ ਬਹੁਤ ਵੱਡਾ ਹੱਥ ਹੈ ਅਤੇ ਪ੍ਰਦੇਸੀ ਵਸੇ ਭਾਰਤੀ ਹੀ ਭਾਰਤ ਦੇ ਅਸਲੀ ਰਾਜਦੂਤ ਹਨ। ਉਹਨਾਂ ਨੇ ਕਸ਼ਮੀਰ ਦੇ ਮੁੱਦੇ ਉੱਤੇ ਧਾਰਾ 370 ਦੇ ਖਾਤਮੇ ਬਾਰੇ ਕਿਹਾ ਕਿ ਇਹ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਇੱਕ ਅਹਿਮ ਤੇ ਚੰਗਾ ਫੈਸਲਾ ਹੈ, ਜਿਸਦਾ ਕਸ਼ਮੀਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨੂੰ ਪੂਰੇ ਜਗਤ ਨੂੰ ਮਨਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਇਕੱਲੇ ਸਿੱਖ ਹੀ ਨਹੀਂ ਬਲਕਿ ਹਿੰਦੂ ਮੁਸਲਿਮ ਵੀ ਉਹਨਾਂ ਨੂੰ ਪੀਰ ਮੰਨਦੇ ਹਨ।

ਸ੍ਰੀਮਤੀ ਰੰਜਨ ਨੇ ਸੁਤੰਤਰਤਾ ਦਿਵਸ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਵੀ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨ (ਏ ਆਈ ਓ) ਦੇ ਮੁਖੀ ਸ੍ਰੀ ਏ ਪੀ ਕੌਸਿਕ ਨੇ ਭਾਰਤ ਨੂੰ ਮਜ਼ਬੂਤ ਰਾਸ਼ਟਰ ਬਣਾਉਣ ਲਈ ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਅਤੇ ਪਰਦੇਸੀਆਂ ਦੀ ਸ਼ਲਾਘਾ ਕੀਤੀ। ਏ ਆਈ ਓ ਦੇ ਸੈਕਟਰੀ ਗੁਰਦਿਆਲ ਸਿੰਘ ਬਾਰੀ ਨੇ 1600 ਈਸਵੀ ਤੋਂ ਲੈ ਕੇ 1947 ਤੱਕ ਦੇ ਇਤਿਹਾਸ ਬਾਰੇ ਚਰਚਾ ਕਰਦੇ ਹੋਏ ਦੱਸਿਆ ਕਿ ਭਾਰਤ ਦੀ ਆਜ਼ਾਦੀ ਵਿੱਚ 95300 ਭਾਰਤੀ ਯੋਧਿਆਂ ਦੀਆਂ ਸ਼ਹੀਦੀਆਂ ਵਿੱਚੋਂ ਲਗਭਗ 85000 ਸਿੱਖਾਂ ਦੀਆ ਸਹੀਦੀਆਂ ਹਨ ਅਤੇ ਦੇਸ਼ ਦੀ ਵੰਡ ਸਮੇਂ 14 ਮਿਲੀਅਨ ਲੋਕਾਂ ਦਾ ਪਰਵਾਸ ਹੋਇਆ ਤੇ ਤਕਰੀਬਨ ਇੱਕ ਮਿਲੀਅਨ ਲੋਕ ਮਾਰੇ ਗਏ, ਜਿਹਨਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ।

ਮਾਣਮੱਤੀਆ ਸ਼ਖਸੀਅਤਾਂ ਦੇ ਭਾਸ਼ਣਾਂ ਵਿਚਾਰ ਵਟਾਂਦਰਿਆਂ ਨਾਲ-ਨਾਲ ਭਾਵਨਾ ਦਯਾਨੰਦ, ਅੰਕਨਾ, ਹਰਦੀਪ ਸਿੰਘ ਸੋਢੀ, ਸਮਰਾਟ ਮਜਮੂਦਾਰ, ਆਰੀਆ ਰੰਜਨ, ਸੰਤੋਖ ਸਿੰਘ ਨੇ ਨਿ੍ਰਤ ਕਲਾ ਤੇ ਗਾਇਕੀ ਵਿੱਚ ਰੰਗ ਬਖੇਰੇ। ਅੰਤ ਵਿੱਚ ਸਰਦਾਰ ਸੋਹਣ ਸਿੰਘ ਰੰਧਾਵਾ ਨੇ ਸਾਰੇ ਸਰੋਤਿਆਂ, ਕਲਾਕਾਰਾਂ ਤੇ ਬੁਲਾਰਿਆਂ ਨੂੰ ਆਜ਼ਾਦੀ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆ ਅਗਾਊਂ ਵਧਾਈਆਂ ਦਿੱਤੀਆਂ। ਏ.ਆਈ.ਓ. ਵੱਲੋਂ ਭਾਰਤੀ ਰਾਜਦੂਤ ਸ੍ਰੀਮਤੀ ਅੰਜੂ ਰੰਜਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਕ ਦੇ ਫਰਜ਼ ਸ੍ਰੀਮਤੀ ਮਰਦੁਲਾ ਚੌਧਰੀ ਨੇ ਬਾਖੂਬੀ ਨਿਭਾਏ।  

Vandana

This news is Content Editor Vandana