ਲੰਡਨ : ਗਣਤੰਤਰ ਦਿਵਸ ਮੌਕੇ ਸੀਏਏ ਵਿਰੋਧ ਪ੍ਰਦਰਸ਼ਨ ''ਚ ਲੋਕਾਂ ਦਾ ਹੜ੍ਹ ਉਮੜਿਆ

01/27/2020 2:13:38 PM

ਲੰਡਨ/ਗਲਾਸਗੋ (ਮਨਦੀਪ ਖੁਰਮੀ): ਸਮੁੱਚੇ ਵਿਸ਼ਵ ਭਰ ਵਿੱਚ ਸੀਏਏ ਅਤੇ ਸੀਆਰਬੀ ਖਿਲਾਫ ਆਵਾਜ਼ਾਂ ਦੀ ਸੁਰ ਉੱਚੀ ਹੁੰਦੀ ਜਾ ਰਹੀ ਹੈ। ਭਾਰਤ ਸਰਕਾਰ ਦੀ ਵਿਸ਼ਵ ਪੱਧਰ 'ਤੇ ਆਲੋਚਨਾ ਹੋ ਰਹੀ ਹੈ। 71ਵੇਂ ਗਣਤੰਤਰ ਦਿਵਸ ਨੂੰ ਸੀਏਏ ਦੇ ਵਿਰੋਧ ਹਿਤ ਮਨਾਉਣ ਲਈ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਆਪਕ ਵਿਰੋਧ ਦੇਖਣ ਨੂੰ ਮਿਲਿਆ। ਲੰਡਨ ਦੀ ਡਾਊਨਿੰਗ ਸਟਰੀਟ ਅਤੇ ਗਲਾਸਗੋ ਦੀ ਬੁਕੈਨਨ ਸਟਰੀਟ ਪ੍ਰਦਰਸ਼ਨਕਾਰੀਆਂ ਨਾਲ ਭਰੀਆਂ ਰਹੀਆਂ। 

ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ, ਵੱਖ-ਵੱਖ ਭਾਰਤੀ ਜੱਥੇਬੰਦੀਆਂ ਦੇ ਅਹੁਦੇਦਾਰਾਂ ਕਾਰਕੁੰਨਾਂ, ਮਨੁੱਖੀ ਅਧਿਕਾਰ ਸੰਗਠਨਾਂ, ਕਿਰਤੀ ਸੰਗਠਨਾਂ ਨੇ ਵਿਦਿਆਰਥੀ ਸੰਘਾਂ ਵੱਲੋਂ ਆਯੋਜਿਤ ਰੈਲੀਆਂ ਦਾ ਹਿੱਸਾ ਬਣ ਕੇ 71ਵੇਂ ਗਣਤੰਤਰ ਦਿਵਸ ਨੂੰ ਤਾਨਾਸ਼ਾਹੀ ਖਿਲਾਫ ਇੱਕਜੁਟ ਹੋਣ ਵਜੋ ਮਨਾਇਆ। ਲੰਡਨ ਵਿੱਚ ਹੋਈ ਰੈਲੀ ਦੌਰਾਨ "ਸੰਵਿਧਾਨ ਦੀ ਰਾਖੀ ਕਰੋ", "ਭਾਰਤ ਨੂੰ ਵੰਡਣਾ ਬੰਦ ਕਰੋ", "ਧਾਰਮਿਕ ਵਿਤਕਰੇ ਖਿਲਾਫ ਇਕੱਠੇ ਹੋਵੋ" ਆਦਿ ਨਾਅਰਿਆਂ ਵਾਲੀਆਂ ਤਖਤੀਆਂ ਦਾ ਹੜ੍ਹ ਆਇਆ ਹੋਇਆ ਸੀ। 

ਇਸ ਸਮੇਂ ਇੰਗਲੈਂਡ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਐੱਮ ਪੀ ਸੈਮ ਟੈਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਅੰਤਰਰਾਸ਼ਟਰੀ ਮਾਮਲਾ ਹੈ। ਅਸੀਂ ਇੱਥੇ ਭਾਰਤ ਵਿਰੋਧੀ ਪ੍ਰਦਰਸ਼ਨ ਵਿੱਚ ਨਹੀਂ, ਸਗੋਂ ਭਾਰਤ ਦੀ ਬਿਹਤਰੀ ਲਈ ਆਵਾਜ਼ ਉਠਾ ਰਹੇ ਹਾਂ। 

ਇਸੇ ਤਰ੍ਹਾਂ ਹੀ ਗਲਾਸਗੋ ਦੀ ਬੁਕੈਨਨ ਸਟਰੀਟ ਵਿਖੇ ਪ੍ਰਦਰਸ਼ਨ ਦੌਰਾਨ ਤਿਰੰਗੇ ਝੰਡੇ ਤੇ ਪਹਿਨੇ ਹੋਏ ਲਿਬਾਸ ਵੱਖਰਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਹਨਾਂ ਪ੍ਰਦਰਸ਼ਨਾਂ ਵਿੱਚ ਕਾਸਟ ਵਾਚ ਯੂਕੇ, ਤਮਿਲ ਪੀਪਲ ਇਨ ਯੂਕੇ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ, ਫੈਡਰੇਸ਼ਨ ਆਫ ਰੈੱਡਬਰਿੱਜ ਮੁਸਲਿਮ ਆਰਗੇਨਾਈਜੇਸ਼ਨ, ਇੰਡੀਅਨ ਮੁਸਲਿਮ ਫੈਡਰੇਸ਼ਨ ਯੂਕੇ, ਸਾਊਥ ਏਸੀਅਨ ਸਟੂਡੈਂਟਸ ਆਦਿ ਸਮੇਤ ਹੋਰ ਵੀ ਬਹੁਤ ਸਾਰੀਆਂ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਿਰਕਤ ਕੀਤੀ।

Vandana

This news is Content Editor Vandana