ਬ੍ਰਿਟਿਸ਼ ਏਅਰਵੇਜ਼ ਨੇ ਪਾਇਲਟਾਂ ਦੀ ਤਨਖਾਹ ''ਚ ਕੀਤੀ ਕਟੌਤੀ

03/20/2020 5:57:59 PM

ਲੰਡਨ (ਬਿਊਰੋ): ਬ੍ਰਿਟਿਸ਼ ਏਅਰਵੇਜ਼ ਨੇ ਆਪਣੇ ਪਾਇਲਟਾਂ ਨੂੰ ਇਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਪਾਇਲਟਾਂ ਨੂੰ 2 ਹਫਤੇ ਲਈ ਬਿਨਾਂ ਤਨਖਾਹ ਦੇ ਛੁੱਟੀ 'ਤੇ ਰਹਿਣਾ ਹੋਵੇਗਾ। ਇਸ ਰਾਸ਼ੀ ਦੀ ਕਟੌਤੀ ਉਹਨਾਂ ਦੀ ਮੂਲ ਤਨਖਾਹ ਤੋਂ 3 ਮਹੀਨਿਆਂ ਵਿਚ ਕੀਤੀ ਜਾਵੇਗੀ। ਬ੍ਰਿਟੇਨ ਵਿਚ ਕੋਰੋਨਾਵਾਇਰਸ ਕਾਰਨ ਮੁੱਖ ਕਾਰਜਕਾਰੀ ਅਧਿਕਾਰੀ ਐਲੇਕਸ ਕਰੂਜ਼ ਨੇ ਪਿਛਲੇ ਮਹੀਨੇ ਕਰਮਚਾਰੀਆਂ ਨੂੰ ਨੌਕਰੀਆਂ ਅਤੇ ਜਹਾਜ਼ ਉਡਾਉਣ ਵਿਚ ਕਟੌਤੀ ਕਰਨ ਲਈ ਕਿਹਾ ਸੀ। ਇਸ ਦਾ ਉਦੇਸ਼ ਹਵਾਈ ਯਾਤਰਾ ਵਿਚ ਕਟੌਤੀ ਕਰਨਾ ਸੀ। 

ਪਾਇਲਟਾਂ ਨੂੰ ਲਿਖੇ ਪੱਤਰ ਵਿਚ ਏਅਰਲਾਈਨ ਨੇ ਕਿਹਾ ਕਿ ਉਹ ਪਾਇਲਟ ਸੰਘ ਦੇ ਸ਼ੁਰੂਆਤੀ ਉਪਾਆਂ 'ਤੇ ਸਹਿਮਤ ਹਨ। ਪੱਤਰ ਵਿਚ ਕਿਹਾ ਗਿਆ ਹੈਕਿ ਕੋਵਿਡ-19 ਦੇ ਕਾਰਨ ਏਅਰਲਾਈਨ ਦੇ ਕਾਰੋਬਾਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਭਾਵੇਂਕਿ ਫਾਈਨੈਂਸ਼ੀਅਲ ਟਾਈਮਜ਼ ਨੇ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬ੍ਰਿਟਿਸ਼ ਏਅਰਵੇਜ਼ ਪਾਇਲਟਾਂ ਨੂੰ ਤਨਖਾਹ ਵਿਚ 50 ਫੀਸਦੀ ਦੀ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਟਿਸ਼ ਏਅਰਵੇਜ਼ ਨੇ ਸੰਕੇਤ ਦਿੱਤਾ ਕਿ ਇਸ ਦਾ ਉਦੇਸ਼ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣਾ ਹੈ। ਪੱਤਰ ਵਿਚ ਕਿਹਾ ਗਿਆ ਕਿ ਅਸੀਂ ਇਸ ਦਾ ਹੱਲ ਲੱਭਣ ਲਈ ਵਚਨਬੱਧ ਹਾਂ।

ਗੌਰਤਲਬ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਟਰੰਪ ਪ੍ਰਸ਼ਾਸਨ ਯੁੱਧ ਪੱਧਰ 'ਤੇ ਜੁੱਟ ਚੁੱਕਾ ਹੈ। ਪ੍ਰਸ਼ਾਸਨ ਇਸ ਖਤਰਨਾਕ ਵਾਇਰਸ ਦੇ ਪ੍ਰਕੋਪ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦੇ ਨਾਲ-ਨਾਲ ਨਾਗਰਿਕਾਂ ਅਤੇ ਕਾਰੋਬਾਰੀਆਂ ਲਈ ਵੱਡੀ ਰਾਸ਼ੀ ਦੀ ਵਿਵਸਥਾ ਕਰਨ ਵਿਚ ਜੁੱਟ ਗਿਆ ਹੈ।

Vandana

This news is Content Editor Vandana