ਵਿਦੇਸ਼ ''ਚ ਲੱਗੀਆਂ ਲੋਹੜੀ ਦੀਆਂ ਰੌਣਕਾਂ, ਬਣਿਆ ਪੰਜਾਬ ਵਰਗਾ ਮਾਹੌਲ (ਤਸਵੀਰਾਂ)

01/14/2020 9:11:55 AM

ਫਰਿਜ਼ਨੋ,(ਰਾਜ ਗੋਗਨਾ)—ਲੋਹੜੀ ਦਾ ਤਿਉਹਾਰ ਵਿਦੇਸ਼ਾਂ ਵਿੱਚ ਵੀ ਪੰਜਾਬੀ ਆਪਣੇ ਸੱਭਿਆਚਾਰਕ ਵਿਰਸੇ ਲਈ ਸੁਚੇਤ ਹਨ ਅਤੇ ਸਾਰੇ ਤਿਉਹਾਰ ਰਿਵਾਇਤੀ ਤਰੀਕੇ ਨਾਲ ਰਲ-ਮਿਲ ਕੇ ਮਨਾਉਂਦੇ ਹਨ।

ਇਸੇ ਲੜੀ ਤਹਿਤ 'ਪੰਜਾਬੀ ਰੇਡੀਓ ਯੂ. ਐੱਸ. ਏ.' ਵੱਲੋਂ ਪਹਿਲ ਕਦਮੀ ਕਰਦੇ ਹੋਏ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਦਾ ਤਿਉਹਾਰ 'ਪੰਜਾਬੀ ਕਲਚਰਲ ਸੈਂਟਰ, ਫਰਿਜ਼ਨੋ (ਕੈਲੀਫੋਰਨੀਆ) ਵਿਖੇ ਪੂਰੀਆਂ ਸੱਭਿਆਚਾਰਕ ਅਤੇ ਰਸਮਾਂ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਇਲਾਕੇ ਭਰ ਤੋਂ ਆਪਣੇ ਪਰਿਵਾਰਾਂ ਅਤੇ ਆਪਣੇ ਨਵ-ਜਨਮੇ ਬੱਚੇ ਲੈ ਕੇ ਹਾਜ਼ਰ ਹੋਏ। ਇਸੇ ਤਰ੍ਹਾਂ ਨਵ-ਵਿਆਹਿਆਂ ਜੋੜਿਆਂ ਨੇ ਵੀ ਖੂਬ ਰੌਣਕਾਂ ਲਾਈਆ।

ਇਸ ਪ੍ਰੋਗਰਾਮ ਦੌਰਾਨ ਕਾਫ਼ੀ ਠੰਡੇ ਮੌਸਮ ਹੋਣ ਦੇ ਬਾਵਜੂਦ ਵੀ ਲੱਗੀਆਂ ਧੂਣੀਆਂ ਦਾ ਸੇਕ ਅਤੇ ਗਾਏ ਜਾ ਰਹੇ ਗੀਤਾਂ ਦਾ ਨਿੱਘ ਸਭ ਹਾਜ਼ਰੀਨ ਅੰਦਰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਲਈ ਸਿਜਦਾ ਕਰਦੇ ਹੋਏ ਮਨੋਰੰਜਨ ਕਰ ਰਿਹਾ ਸੀ। ਪ੍ਰੋਗਰਾਮ ਦੌਰਾਨ ਸਭ ਨੇ ਰਲ-ਮਿਲ ਗੀਤ, ਬੋਲੀਆਂ ਅਤੇ ਗਿੱਧੇ-ਭੰਗੜੇ ਪਾਏ। ਬੱਚਿਆ ਵੱਲੋਂ ਵੀ ਸਟੇਜ ਰਾਹੀਂ ਪੇਸ਼ਕਾਰੀ ਕੀਤੀ ਗਈ।

ਪ੍ਰੋਗਰਾਮ ਦਾ ਮਹੌਲ ਇਕ ਨਵੇਂ ਪੰਜਾਬ ਦੀ ਤਸਵੀਰ ਪੇਸ਼ ਕਰ ਰਿਹਾ ਸੀ। ਡੇਅ ਐਂਡ ਨਾਈਟ ਵੀਡੀਓ ਦੇ ਪਰਮਜੀਤ ਸਿੰਘ ਵੱਲੋਂ ਫਰੀ ਫੋਟੋ ਬੂਥ ਵੀ ਸਭ ਦੀਆਂ ਯਾਦਾ ਨੂੰ ਕੈਮਰਾਬਧ ਕਰ ਰਿਹਾ ਸੀ, ਜਿੱਥੇ ਸਭ ਲੋਕ ਰਲ ਕੇ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰ ਰਹੇ ਸਨ।

ਇਸ ਸਮੇਂ ਹਾਜ਼ਰੀਨ ਲਈ ਸੁਆਦਿਸ਼ਟ ਪਕੌੜੇ ਅਤੇ ਹੋਰ ਖਾਣੇ ਤੋਂ ਇਲਾਵਾ ਗੁੜ, ਗੱਚਕ, ਰਿਉੜੀਆਂ, ਮੂੰਗਫਲੀ ਅਤੇ ਹੋਰ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਸੰਚਾਲਨ ਰਾਜ ਕਰਨਵੀਰ ਅਤੇ ਜੋਤ ਰਣਜੀਤ ਨੇ ਕੀਤਾ।  ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸ. ਹਰਜੋਤ ਸਿੰਘ ਖਾਲਸਾ ਅਤੇ ਪੰਜਾਬੀ ਰੇਡੀਓ ਦੀ ਟੀਮ ਵਧਾਈ ਦੀ ਪਾਤਰ ਹੈ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਭਾਰਤ ਵਿੱਚ ਬੇਸ਼ੱਕ ਅਧੁਨਿਕਤਾ ਵੱਲ ਨੂੰ ਵਧਦੇ ਹੋਏ ਵਿਸਰਦੇ ਜਾ ਰਹੇ ਹਨ ਪਰ ਸਮੂਹ ਵਿਦੇਸ਼ੀਆਂ ਨੇ ਸੱਤ ਸਮੁੰਦਰ ਪਾਰ ਆ ਕੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਰਸਮਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਅਜਿਹਾ ਕਰਦੇ ਹੋਏ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾਂ ਨਾਲ ਜੋੜ ਰਹੇ ਹਨ।