ਲੀਬੀਆ : ਅੱਤਵਾਦੀ ਹਮਲੇ ''ਚ 9 ਲੋਕਾਂ ਦੀ ਮੌਤ

05/05/2019 1:28:21 PM

ਤ੍ਰਿਪੋਲੀ— ਦੱਖਣੀ ਲੀਬੀਆ 'ਚ ਸ਼ਕਤੀਸ਼ਾਲੀ ਖਲੀਫਾ ਹਫਤਾਰ ਦੀ ਸਮਰਥਕ ਫੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਇਸਲਾਮਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ਹਿਰ ਦੇ ਮੇਅਰ ਹਾਮਿਦ ਅਲ ਖਿਆਲੀ ਨੇ ਦੱਸਿਆ ਕਿ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੂੰ ਅਪਰਾਧਕ ਸਮੂਹਾਂ ਅਤੇ ਕਿਰਾਏ ਦੇ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਦੱਖਣੀ ਸ਼ਹਿਰ ਸੇਭਾ 'ਚ ਇਕ ਫੌਜੀ ਪ੍ਰੀਖਣ ਕੈਂਪ 'ਤੇ ਸਵੇਰੇ ਹਮਲਾ ਕੀਤਾ।

ਇਸ ਸ਼ਹਿਰ 'ਤੇ ਹਫਤਾਰ ਦੇ ਫੌਜੀਆਂ ਦਾ ਕਬਜ਼ਾ ਹੈ। ਉਨ੍ਹਾਂ ਨੇ ਦੱਸਿਆ,''ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ...ਇਨ੍ਹਾਂ 'ਚ ਕੁਝ ਲੋਕਾਂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਜਦਕਿ ਕਈਆਂ ਨੂੰ ਗੋਲੀਆਂ ਮਾਰੀਆਂ ਗਈਆਂ। ਸੇਭਾ ਮੈਡੀਕਲ ਸੈਂਟਰ ਦੇ ਇਕ ਬੁਲਾਰੇ ਨੇ 9 ਲਾਸ਼ਾਂ ਨੂੰ ਲਿਆਉਣ ਦੀ ਪੁਸ਼ਟੀ ਕੀਤੀ ਹੈ। ਆਈ. ਐੱਸ. ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਬਿਆਨ 'ਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈ. ਐੱਸ. ਨੇ ਕਿਹਾ ਕਿ ਉਸ ਨੇ ਹਫਤਾਰ ਦੇ ਲੜਾਕਿਆਂ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਟਿਕਾਣਿਆਂ 'ਚ ਬੰਦ ਕੈਦੀਆਂ ਨੂੰ ਮੁਕਤ ਕਰਾ ਲਿਆ ਹੈ। ਸੇਭਾ 'ਤੇ ਹਫਤਾਰ ਦੀ ਸਵੈ ਲੀਬੀਅਨ ਰਾਸ਼ਟਰੀ ਆਰਮੀ ਦਾ ਕੰਟਰੋਲ ਹੈ ਜੋ ਕਿ ਸੰਯੁਕਤ ਰਾਸ਼ਟਰ ਦੀ ਮਾਨਤਾ ਪ੍ਰਾਪਤ ਸਰਕਾਰ ਦਾ ਵਿਰੋਧ ਕਰਦਾ ਹੈ।