2019 ਕੈਨੇਡਾ ਆਮ ਚੋਣਾਂ ''ਚ ਲਿਬਰਲ ਪਾਰਟੀ ਦਾ ਪਲੜਾ ਭਾਰੀ

09/17/2019 2:42:43 PM

ਟੋਰਾਂਟੋ— ਕੈਨੇਡਾ ਆਮ ਚੋਣਾਂ ਦਾ ਰਸਮੀ ਐਲਾਨ ਹੋਣ ਮਗਰੋਂ ਲਿਬਰਲ ਪਾਰਟੀ ਦਾ ਪਲੜਾ ਭਾਰਾ ਪੈਂਦਾ ਦਿਖਾਈ ਦੇ ਰਿਹਾ ਹੈ। ਸੀਬੀਸੀ ਦੇ ਇਕ ਤਾਜ਼ਾ ਸਰਵੇ 'ਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ 167 ਸੀਟਾਂ ਮਿਲਣ ਦੇ ਆਸਾਰ ਦਿਖਾਏ ਗਏ ਹਨ ਜਦਕਿ ਕੰਜ਼ਰਵੇਟਿਵ ਪਾਰਟੀ 139 ਸੀਟਾਂ 'ਤੇ ਜਿੱਤ ਮਿਲਦੀ ਦੱਸੀ ਗਈ ਹੈ।

ਸੀਬੀਸੀ ਵਲੋਂ ਸ਼ਨੀਵਾਰ ਨੂੰ ਪ੍ਰਕਾਸ਼ਿਤ ਸਰਵੇ ਕਹਿੰਦਾ ਹੈ ਕਿ ਕੈਨੇਡਾ ਦੇ 33.8 ਫੀਸਦੀ ਲੋਕ ਲਿਬਰਲ ਪਾਰਟੀ ਦੀ ਹਮਾਇਤ ਕਰ ਰਹੇ ਹਨ ਜਦਕਿ 34 ਫੀਸਦੀ ਲੋਕ ਕੰਜ਼ਰਵੇਟਿਵ ਪਾਰਟੀ ਦੇ ਹੱਕ 'ਚ ਹਨ ਪਰ ਸਭ ਤੋਂ ਵਧੇਰੇ ਸੰਸਦ ਸੀਟਾਂ ਵਾਲੇ ਓਨਟਾਰੀਓ ਤੇ ਕਿਊਬਿਕ ਸੂਬਿਆਂ 'ਚ ਲਿਬਰਲ ਪਾਰਟੀ ਅੱਗੇ ਹੋਣ ਕਾਰਨ ਸੀਟਾਂ ਦੇ ਮਾਮਲੇ 'ਚ ਕੰਜ਼ਰਵੇਟਿਵ ਪਾਰਟੀ ਪੱਛੜਦੀ ਹੋਈ ਨਜ਼ਰ ਆ ਰਹੀ ਹੈ। ਸਰਵੇ 'ਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਗਿਆ ਪਰ ਲਿਬਰਲ ਪਾਰਟੀ ਨੂੰ ਬਹੁਮਤ ਮਿਲਣ ਦੇ 43 ਫੀਸਦੀ ਆਸਾਰ ਮੰਨੇ ਗਏ ਹਨ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਨੂੰ ਸਭ ਤੋਂ ਵਧ ਸੀਟਾਂ ਮਿਲਣ ਪਰ ਬਹੁਮਤ ਤੋਂ ਦੂਰ ਰਹਿਣ ਦੇ 22 ਫੀਸਦੀ ਆਸਾਰ ਪ੍ਰਗਟਾਏ ਗਏ ਹਨ। ਇਸ ਸਰਵੇ 'ਚ ਕੰਜ਼ਰਵੇਟਿਵ ਪਾਰਟੀ ਨੂੰ ਆਪਣੇ ਦਮ 'ਤੇ ਬਹੁਮਤ ਹਾਸਲ ਹੋਣ ਦੀ ਸਿਰਫ 8 ਫੀਸਦੀ ਸੰਭਾਵਨਾ ਦੱਸੀ ਗਈ ਹੈ। ਸਰਵੇ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਆਮ ਚੋਣਾਂ 'ਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ 16 ਸੀਟਾਂ ਹਾਸਲ ਕਰ ਸਕਦੀ ਹੈ।

ਬਿਹਤਰੀਨ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਵੀ ਜਸਟਿਨ ਟਰੂਡੋ ਤੇ ਐਂਡ੍ਰੀਊ ਸ਼ੀਅਰ ਦੇ ਸਿੰਙ ਫਸੇ ਹੋਏ ਹਨ। ਇਪਸੌਸ ਸਰਵੇ ਦੌਰਾਨ 32 ਫੀਸਦੀ ਲੋਕਾਂ ਨੇ ਕਿਹਾ ਕਿ ਸ਼ੀਅਰ ਬਿਹਤਰ ਪ੍ਰਧਾਨ ਮੰਤਰੀ ਸਾਬਿਤ ਹੋ ਸਕਦੇ ਹਨ ਜਦਕਿ 30 ਫੀਸਦੀ ਲੋਕ ਮੰਨਦੇ ਹਨ ਕਿ ਜਸਟਿਨ ਟਰੂਡੋ ਬਿਹਤਰ ਪ੍ਰਧਾਨ ਮੰਤਰੀ ਹਨ।

Baljit Singh

This news is Content Editor Baljit Singh