ਲੇਬਨਾਨ : ਪ੍ਰਦਰਸ਼ਨਕਾਰੀਆਂ ਅਤੇ ਪੁਲਸ ''ਚ ਝੜਪ, 160 ਲੋਕ ਜ਼ਖਮੀ

01/19/2020 10:01:26 AM

ਬੇਰੁੱਤ (ਭਾਸ਼ਾ): ਲੇਬਨਾਨ ਵਿਚ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚ ਹੋਏ ਮੁਕਾਬਲੇ ਵਿਚ 160 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀ ਸਰਕਾਰ ਗਠਨ ਵਿਚ ਦੇਰੀ ਨਾਲ ਨਾਰਾਜ਼ ਹਨ। ਇੱਥੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਇਹ ਚੌਥਾ ਮਹੀਨਾ ਹੈ। ਝੜਪ ਦੇ ਬਾਅਦ ਸ਼ਹਿਰ ਭਰ ਵਿਚ ਸਾਇਰਨ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ। ਰੈੱਡ ਕਰਾਸ ਨੇ ਦੱਸਿਆ ਕਿ 65 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ 100 ਤੋਂ ਵੱਧ ਲੋਕਾਂ ਦਾ ਘਟਨਾਸਥਲ 'ਤੇ ਹੀ ਇਲਾਜ ਚੱਲ ਰਿਹਾ ਹੈ। 

ਮੱਧ ਬੇਰੁੱਤ ਦੇ ਇਕ ਚੌਰਾਹੇ 'ਤੇ ਸ਼ਨੀਵਾਰ ਸ਼ਾਮ ਨੂੰ ਪ੍ਰਦਰਸ਼ਨਕਾਰੀਆਂ ਦੇ ਤੰਬੂਆਂ ਵਿਚ ਅੱਗ ਫੈਲ ਗਈ। ਭਾਵੇਂਕਿ ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹਨ। ਲੇਬਨਾਨ ਵਿਚ ਪ੍ਰਦਰਸ਼ਨ 17 ਅਕਤੂਬਰ ਤੋਂ ਤੇਜ਼ ਹੋ ਗਏ ਹਨ। ਅਸਲ ਵਿਚ ਦੇਸ਼ ਵਿਚ ਵੱਧਦਾ ਆਰਥਿਕ ਸੰਕਟ ਲੋਕਾਂ ਦੀ ਚਿੰਤਾ ਦਾ ਕਾਰਨ ਹੈ ਅਤੇ ਲੋਕ ਨਵੀਂ ਸਰਕਾਰ ਦੇ ਗਠਨ ਦੇ ਦਬਾਅ ਬਣਾ ਰਹੇ ਹਨ। ਨਵੀਂ ਸਰਕਾਰ ਦੇ ਗਠਨ ਵਿਚ ਫਿਲਹਾਲ ਕੋਈ ਤਰੱਕੀ ਨਹੀਂ ਹੋਈ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਇਸ ਵਿਚ ਸਾਰੇ ਸਿਆਸੀ ਦਲਾਂ ਨੂੰ ਛੱਡ ਕੇ ਸੁਤੰਤਰ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇ।

ਇਸ ਤੋਂ ਪਹਿਲਾਂ ਸ਼ਹਿਰ ਭਰ ਵਿਚ ਮਾਰਚ ਕੱਢੇ ਗਏ ਪਰ ਸੰਸਦ ਨੇੜੇ ਪ੍ਰਦਰਸ਼ਨਕਾਰੀਆਂ ਨੇ ਇੱਥੇ ਸੁਰੱਖਿਆ ਵਿਚ ਤਾਇਨਾਤ ਪੁਲਸ ਕਰਮੀਆਂ 'ਤੇ ਪੱਥਰਬਾਜ਼ੀ ਕੀਤੀ ਅਤੇ ਵੱਡੇ-ਵੱਡੇ ਗਮਲੇ ਸੁੱਟੇ। ਇਸ ਦੇ ਬਾਅਦ ਸੁਰੱਖਿਆ ਬਲਾਂ ਨੇ ਭੀੜ ਨੂੰ ਖਦੇੜਨ ਲਈ ਪਾਣੀ ਦੀਆਂ ਬੌਛਾਰਾਂ ਕੀਤੀਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਅੰਦਰੂਨੀ ਸੁਰੱਖਿਆ ਬਲਾਂ ਨੇ ਟਵੀਟ ਕੀਤਾ,''ਸੰਸਦ ਦੇ ਇਕ ਮੁਖ ਦਰਵਾਜੇ 'ਤੇ ਦੰਗਾ ਵਿਰੋਧੀਆਂ ਦੀ ਪੁਲਸ ਦੇ ਨਾਲ ਸਿੱਧੀਆਂ ਅਤੇ ਹਿੰਸਕ ਝੜਪਾਂ ਹੋ ਰਹੀਆਂ ਹਨ।''

ਟਵੀਟ ਵਿਚ ਅੱਗੇ ਕਿਹਾ ਗਿਆ,''ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਸੁਰੱਖਿਆ ਲਈ ਦੰਗੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ।'' ਲੇਬਨਾਨ ਵਿਚ ਕੈਬਨਿਟ ਦਾ ਗਠਨ ਜਟਿਲ ਵਿਵਸਥਾ ਹੈ ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈਕਿ ਉਹ ਪੁਰਾਣੀ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਇਕ ਅਜਿਹੀ ਨਵੀਂ ਸਰਕਾਰ ਚਾਹੁੰਦੇ ਹਨ ਜੋ ਦੇਸ਼ ਦੇ ਵੱਧਦੇ ਆਰਥਿਕ ਅਤੇ ਨਕਦੀ ਸੰਕਟ ਨੂੰ ਦੂਰ ਕਰ ਸਕੇ। 
 

Vandana

This news is Content Editor Vandana