ਸਰੀਰ ਨੂੰ ਨਿਰੋਗ ਬਣਾਉਣ ਲਈ 'ਹੱਸਣਾ' ਬਹੁਤ ਜ਼ਰੂਰੀ : ਕਮਲਦੀਪ ਕੈਮੀ

05/20/2022 5:05:38 PM

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਭੱਜ ਨੱਠ ਦੀ ਜ਼ਿੰਦਗੀ ਵਿੱਚ ਇਨਸਾਨ ਦਾ ਹਰ ਦਿਨ ਚਿੰਤਾ ਅਤੇ ਥਕਾਵਟ ਵਿੱਚ ਗੁਜ਼ਰ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਹੱਸਣ ਦਾ ਵੀ ਸਮਾਂ ਨਹੀਂ ਹੈ। ਹੱਸਣਾ ਬਹੁਤ ਜ਼ਰੂਰੀ ਹੈ ਜੋ ਕੇ ਸਾਡੇ ਚਿਹਰਿਆਂ ਦੀ ਰੌਣਕ ਨੂੰ ਬਣਾਈ ਰੱਖਦਾ ਹੈ। ਪਿਛਲੇ ਦਿਨੀ ਆਸਟ੍ਰੇਲੀਆ ਦੇ ਕੈਨਬਰਾ ਦੇ ਨਾਲ ਲੱਗਦੇ ਖੇਤਰੀ ਇਲਾਕੇ ਵਿੱਚ ਲਾਫਟਰ ਡੇਅ ਮਨਾਉਂਦਿਆਂ ਭਾਰਤੀ ਭਾਈਚਾਰੇ ਦੇ ਖੇਤਰੀ ਲੀਡਰ ਕਮਲਦੀਪ ਸਿੰਘ ਕੈਮੀ ਨੇ ਪੱਤਰਕਾਰ ਨਾਲ ਫ਼ੋਨ ਰਾਹੀਂ ਰਾਬਤਾ ਕਾਇਮ ਕਰਦਿਆਂ ਦੱਸਿਆ ਕਿ ਅੱਜ ਕੱਲ ਦੀ ਵਿਅਸਤ ਜ਼ਿੰਦਗੀ ਵਿੱਚ ਲੋਕ ਹੱਸਣਾ ਹੀ ਭੁੱਲ ਗਏ ਹਨ। 

ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਔਰਗੇਨਾਈਜੇਸ਼ਨ ਅਤੇ ਕੁਈਨਬੇਅਨ ਮਲਟੀਕਲਚਰਲ ਕੌਂਸਿਲ ਦੇ ਬੈਨਰ ਹੇਠ ਦਿੱਲੀ ਲਾਫਟਰ ਕਲੱਬ ਨਾਲ ਮਿਲ ਕੇ ਵਿਸ਼ਵ ਲਾਫਟਰ ਡੇਅ ਮਨਾਇਆ ਗਿਆ। ਉਹਨਾਂ ਦੱਸਿਆ ਕਿ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਨੂੰ ਰੋਜ਼ਾਨਾ ਯੋਗਾ ਵਿੱਚ ਵੀ ਅਪਣਾਉਣਾ ਚਾਹੀਦਾ ਹੈ ਅਤੇ ਇਸ ਤਰਾਂ ਦੇ ਜਾਗਰੂਕਤਾ ਕੈਂਪ ਲਗਾ ਕੇ ਲਾਫਟਰ ਯੋਗਾ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਹੱਸਣ ਨਾਲ ਸਰੀਰ ਵਿੱਚ ਨਵੀਂ ਊਰਜਾ ਆਉਂਦੀ ਹੈ ਅਤੇ ਇਨਸਾਨ ਦੇ ਚਿਹਰੇ 'ਤੇ ਰੌਣਕ ਬਣੀ ਰਹਿੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਅਤੇ ਫਰਾਂਸ 'ਚ ਮੰਕੀਪੌਕਸ ਦੇ ਪਹਿਲੇ 'ਸੰਭਾਵਿਤ' ਕੇਸ ਦੀ ਪੁਸ਼ਟੀ

ਹੱਸਣ ਦੇ ਨਾਲ ਸਰੀਰ ਵਿੱਚ ਸਾਕਾਰਾਤਮਕ ਊਰਜਾ ਵੱਧਣ ਲੱਗਦੀ ਹੈ ਅਤੇ ਇਨਸਾਨ ਨਾਕਾਰਾਤਮਕ ਕੰਮਾਂ ਅਤੇ ਸੋਚ ਤੋਂ ਬਚਿਆ ਰਹਿੰਦਾ ਹੈ। ਹੱਸਣਾ ਇਨਸਾਨ ਦੇ ਸੁਭਾਅ ਅਤੇ ਵਾਤਾਵਰਨ 'ਤੇ ਬਹੁਤ ਅਸਰ ਪਾਉਂਦਾ ਹੈ। ਇਨਸਾਨ ਹਰ ਸਮੇਂ ਤਰੋ ਤਾਜ਼ਾ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਤਰਾਂ ਦੇ ਈਵੈਂਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਵੀ ਇਹਨਾਂ ਗੱਲਾਂ ਨੂੰ ਲੈ ਕੇ ਜਾਗਰੁਕਤਾ ਪੈਦਾ ਕੀਤੀ ਜਾ ਸਕੇ।

Vandana

This news is Content Editor Vandana