ਲਾਸ ਵੇਗਸ ''ਚ ਕੋਰੋਨਾ ਨਿਯਮਾਂ ''ਚ ਮਿਲੀ ਢਿੱਲ ਤੋਂ ਬਾਅਦ ਲੱਗੀ ਲੋਕਾਂ ਦੀ ਭੀੜ

03/16/2021 12:34:36 PM

ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਨੇਵਾਡਾ ਦਾ ਸ਼ਹਿਰ ਲਾਸ ਵੇਗਸ ਜੋ ਕਿ ਦੁਨੀਆ ਭਰ ਵਿੱਚ ਕੈਸੀਨੋ ਅਤੇ ਹੋਟਲਾਂ ਆਦਿ ਲਈ ਪ੍ਰਸਿੱਧ ਹੈ, 'ਚ ਕੋਰੋਨਾ ਨਿਯਮਾਂ ਸੰਬੰਧੀ ਮਿਲੀ ਢਿੱਲ ਕਾਰਨ ਲੋਕਾਂ ਨੇ ਭੀੜ ਭਰੀ ਸ਼ਮੂਲੀਅਤ ਕੀਤੀ ਹੈ। ਲਾਸ ਵੇਗਸ ਵਿੱਚ ਸਥਿਤ ਕੈਸੀਨੋਜ਼ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਸੀਮਤ ਇਕੱਠ ਕਰਨ ਦੀ ਆਗਿਆ ਸੀ। ਇਸ ਸੰਬੰਧ ਵਿੱਚ ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਸ਼ੁੱਕਰਵਾਰ ਨੂੰ ਇੱਕ “ਰੋਡਮੈਪ ਟੂ ਰਿਕਵਰੀ” ਦੇ ਫੈਸਲੇ 'ਤੇ ਦਸਤਖਤ ਕੀਤੇ ਜੋ ਕਿ ਕੈਸੀਨੋ ਨੂੰ ਲੋਕਾਂ ਦੀ ਗਿਣਤੀ ਸੋਮਵਾਰ ਤੱਕ 35 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਤੱਕ ਵਧਾਉਣ ਦੀ ਆਗਿਆ ਦਿੰਦਾ ਹੈ। 

ਲਾਸ ਵੇਗਾਸ ਜਰਨਲ ਦੇ ਅਨੁਸਾਰ, ਇਹਨਾਂ ਖ਼ਬਰਾਂ ਕਾਰਨ ਹਫਤੇ ਦੇ ਅਖੀਰ ਵਿੱਚ ਸੈਲਾਨੀਆਂ ਨੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।  ਲਾਸ ਵੇਗਾਸ ਨਿਵਾਸੀ 55 ਸਾਲਾਂ ਲੌਰਾ ਅਮੈਂਡੇਲਾ ਨੇ ਦੱਸਿਆ ਕਿ ਸ਼ਹਿਰ ਦੇ ਪਾਰਕ ਅਤੇ ਗਲੀਆਂ ਵੀ ਲੋਕਾਂ ਨਾਲ ਭਰੇ ਹੋਏ ਸਨ। ਜ਼ਿਆਦਾਤਰ ਲੋਕਾਂ ਨੂੰ ਸੜਕਾਂ ਉੱਪਰ ਇੱਕ-ਦੂਜੇ ਦੇ ਕਰੀਬ ਖੜੇ ਹੋਏ ਦੇਖਿਆ ਗਿਆ। ਇਸਦੇ ਇਲਾਵਾ ਜ਼ਿਆਦਾਤਰ ਲੋਕਾਂ ਦਾ ਚਿਹਰਾ ਮਾਸਕ ਨਾਲ ਢਕਿਆ ਹੋਇਆ ਦਿਖਾਈ ਦਿੱਤਾ, ਅਤੇ ਕੈਸੀਨੋ ਦੇ ਸਟਾਫ ਨੂੰ ਵੀ ਗ੍ਰਹਕਾਂ ਨੂੰ ਮਾਸਕ ਪਾਉਣ ਸੰਬੰਧੀ ਅਪੀਲ ਕਰਦਿਆਂ ਦੇਖਿਆ ਗਿਆ। ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਨੇਵਾਡਾ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ 222 ਹੋਰ ਕੋਵਿਡ-19 ਦੇ ਕੇਸ ਦਰਜ ਕੀਤੇ ਹਨ, ਜਿਸ ਨਾਲ ਰਾਜ ਦਾ ਕੁੱਲ ਅੰਕੜਾ ਤਕਰੀਬਨ 299,287 ਹੋ ਗਿਆ ਹੈ ਅਤੇ ਇੱਕ ਹੋਰ ਮੌਤ ਨਾਲ ਕੁੱਲ ਮਿਲਾ ਕੇ ਮੌਤਾਂ ਦੀ ਗਿਣਤੀ 5,118 ਹੋ ਗਈ ਹੈ। ਨਵੇਂ ਕੇਸਾਂ ਵਿਚੋਂ, 161 ਕਲਾਰਕ ਕਾਉਂਟੀ ਵਿੱਚ ਸਨ, ਜਿਸ ਵਿੱਚ ਵੇਗਸ ਵੀ ਸ਼ਾਮਿਲ ਹੈ।


cherry

Content Editor

Related News